ਅੰਮ੍ਰਿਤਸਰ: ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਪਿਛਲੇ ਦਿਨੀਂ ਕਰੋਨਾ ਦੀ ਭਿਆਨਕ ਮਹਾਂਮਾਰੀ ਕਰਕੇ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਬਿਬੇਕਸਰ ਪਾਤਸਾਹੀ ਛੇਵੀਂ ਅੰਮ੍ਰਿਤਸਰ ਵਿਖੇ ਕੀਤੀ ਗਈ।
ਇਸ ਮੌਕੇ ਪਾਠਾਂ ਦੇ ਭੋਗ ਤੋਂ ਬਾਅਦ, ਇਲਾਹੀ ਬਾਣੀ ਦਾ ਕੀਰਤਨ ਅਤੇ ਅਰਦਾਸ ਕੀਤੀ ਗਈ। ਇਸ ਦੌਰਾਨ ਪੁਲਿਸ ਵੀ ਤੈਨਾਤ ਰਹੀ ਉਨ੍ਹਾਂ ਵੱਲੋਂ ਕਾਫੀ ਸਖਤੀ ਨਾਲ ਲੋਕਾਂ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਗਿਆ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਹੀਆ (ਸ਼ਾਹਕੋਟ) ਵਿੱਚ ਬਣ ਰਹੀ ਉਦਯੋਗਿਕ ਸਿਖਲਾਈ ਸੰਸਥਾ ਦਾ ਨਾਂਅ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਨਾਂਅ ਤੇ ਰੱਖਣ ਦਾ ਫ਼ੈਸਲਾ ਲਿਆ ਹੈ।
ਇਸ ਮੌਕੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਨੇ ਕੀਰਤਨ ਕੀਤਾ। ਪਾਠ ਦੇ ਭੋਗ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ,ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ ਮੀਤ ਸਕੱਤਰ ਸੁਖਦੇਵ ਸਿੰਘ ਭੂਰਾ ਕੋਨਾ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਪਬਲੀਸਿਟੀ ਇੰਚਾਰਜ ਹਰਭਜਨ ਸਿੰਘ,ਭਾਈ ਨਿਰਮਲ ਸਿੰਘ ਦੀ ਪਤਨੀ ਸਰਬਜੀਤ ਕੌਰ,ਉਨ੍ਹਾਂ ਦਾ ਬੇਟਾ ਅਮਿਤੇਸ਼ਵਰ ਸਿੰਘ,ਬੇਟੀ ਅਸ਼ਪ੍ਰੀਤ ਕੌਰ ਉਚੇਚੇ ਤੌਰ ਤੇ ਹਾਜ਼ਰ ਹੋਏ।
ਜ਼ਿਕਰ ਕਰ ਦਈਏ ਕਿ ਭਾਈ ਨਿਰਮਲ ਸਿੰਘ ਬਹੁਤ ਲੰਬਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਦੇ ਰਹੇ। ਉਨ੍ਹਾਂ ਨੂੰ 31 ਰਾਗਾਂ ਵਿਚ ਮੁਹਾਰਤ ਹਾਸਲ ਸੀ ਅਤੇ ਇਸੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਅਵਾਰਡ ਦਿੱਤਾ ਗਿਆ।