ਅੰਮ੍ਰਿਤਸਰ: ਸਰਹੱਦੀ ਖੇਤਰਾਂ ਵਿੱਚ ਸ਼ੱਕੀ ਵਸਤੂਆਂ ਹਥਿਆਰ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਜਾਰੀ ਹੈ, ਪਰ ਉਥੇ ਹੀ ਬੀਐਸਐਫ ਨੇ ਪੰਜਾਬ ਦੇ ਅੰਮ੍ਰਿਤਸਰ ਸਰਹੱਦ 'ਤੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਬੁੱਧਵਾਰ-ਵੀਰਵਾਰ ਦਰਮਿਆਨੀ ਰਾਤ ਨੂੰ ਜਵਾਨਾਂ ਨੇ ਗੋਲੀਬਾਰੀ ਕਰਕੇ ਪਾਕਿਸਤਾਨੀ ਡਰੋਨ ਸੁੱਟ ਦਿੱਤਾ। ਇਸ ਡਰੋਨ ਦੀ ਰਾਤ ਸਮੇਂ ਨਸ਼ਾ ਤਸਕਰੀ ਵਿੱਚ ਵਰਤੋਂ ਕੀਤੀ ਜਾ ਰਹੀ ਸੀ। ਬੀਐਸਐਫ ਅਧਿਕਾਰੀਆਂ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਬਟਾਲੀਅਨ 22 ਦੇ ਜਵਾਨ ਰਾਤ ਸਮੇਂ ਗਸ਼ਤ ’ਤੇ ਸਨ। ਬੀਓਪੀ ਪੁਲ ਮੋਰਾਂ ਨੇੜੇ ਅੱਧੀ ਰਾਤ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਡਰੋਨ ਨੂੰ ਜਵਾਨਾਂ ਨੇ ਕੀਤਾ ਢੇਰ: ਕੁਝ ਹੀ ਮਿੰਟਾਂ 'ਚ ਜਵਾਨ ਡਰੋਨ ਨੂੰ ਹੇਠਾਂ ਸੁੱਟਣ ਵਿੱਚ ਸਫਲ ਹੋ ਗਏ। ਗੋਲੀਬਾਰੀ ਦੇ ਕੁਝ ਸਕਿੰਟਾਂ ਵਿੱਚ ਹੀ ਡਰੋਨ ਦੀ ਆਵਾਜ਼ ਬੰਦ ਹੋ ਗਈ। ਬੀਐਸਐਫ ਦੇ ਜਵਾਨਾਂ ਨੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਇਹ ਡਰੋਨ ਪੁਲ ਮੋਰਾਂ ਨੇੜੇ ਖੇਤਾਂ ਵਿੱਚ ਟੁਕੜਿਆਂ ਵਿੱਚ ਮਿਲਿਆ ਸੀ। ਬੀਐਸਐਫ ਨੇ ਇਸ ਨੂੰ ਕਬਜ਼ੇ ਵਿੱਚ ਲੈ ਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : Parkash Singh Badal: ਚੰਡੀਗੜ੍ਹ ਤੋਂ ਪਿੰਡ ਬਾਦਲ ਤੱਕ ਅੰਤਿਮ ਯਾਤਰਾ, ਨਮ ਅੱਖਾਂ ਨਾਲ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦਾ ਕੀਤਾ ਧੰਨਵਾਦ
ਹੈਰੋਇਨ ਸਮੇਤ ਅਫੀਮ ਦੀ ਤਸਕਰੀ: ਬੀਐਸਐਫ ਨੂੰ ਇਸ ਦੌਰਾਨ ਸਰਹੱਦੀ ਪਿੰਡ ਖੇਤਰ ਵਿੱਚ ਗਸ਼ਤ ਦੌਰਾਨ 02 ਪੈਕਟ ਮਿਲੇ, ਜਿਹਨਾਂ ਵਿੱਚ ਲਗਭਗ 2 ਕਿਲੋਗ੍ਰਾਮ ਹੈਰੋਇਨ ਅਤੇ 170 ਗ੍ਰਾਮ ਅਫੀਮ ਸੀ। ਅੰਤਰਰਾਸ਼ਟਰੀ ਪੱਧਰ 'ਤੇ ਇਸ ਖੇਪ ਦੀ ਕੀਮਤ ਕਰੀਬ 14 ਕਰੋੜ ਰੁਪਏ ਦੱਸ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਬੀਐਸਐਫ ਦੇ ਜਵਾਨ ਭਾਰਤ-ਪਾਕਿ ਸਰਹੱਦ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸਰਹੱਦੀ ਪਿੰਡ ਧਨੋਏ ਕਲਾਂ ਖੇਤਰ ਵਿੱਚ ਗਸ਼ਤ ਕਰ ਰਹੇ ਫੋਰਸ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿੱਚ ਡਰੋਨ ਦੇ ਦਾਖਲ ਹੋਣ ਦੀ ਆਵਾਜ਼ ਸੁਣੀ। ਫੋਰਸ ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਨਾਂ ਨੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣੀ। ਇਸ ਤੋਂ ਤੁਰੰਤ ਬਾਅਦ ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ।
ਖੇਤ 'ਚ ਟੁੱਟਿਆ ਮਿਲਿਆ ਡਰੋਨ: ਕਰੀਬ ਤਿੰਨ ਘੰਟੇ ਦੀ ਤਲਾਸ਼ੀ ਤੋਂ ਬਾਅਦ ਜਵਾਨਾਂ ਨੂੰ ਖੇਤ 'ਚ ਟੁਕੜਿਆਂ 'ਚ ਟੁੱਟਿਆ ਕਾਲੇ ਰੰਗ ਦਾ (ਕਵਾਡੋਕਾਪਟਰ ਡੀ.ਜੇ.ਆਈ. ਮੈਟ੍ਰਿਸ 300 ਆਰ.ਟੀ.ਕੇ.) ਡਰੋਨ ਮਿਲਿਆ, ਜਿਸ ਨੂੰ ਬੀ.ਐੱਸ.ਐੱਫ. ਨੇ ਆਪਣੇ ਕਬਜ਼ੇ 'ਚ ਲੈ ਲਿਆ। ਉਥੇ ਹੀ ਪਿੰਡ ਧਨੋਏ ਕਲਾਂ ਦੇ ਬਾਹਰ ਸਥਿਤ ਖੇਤਾਂ ਵਿੱਚ ਸਰਚ ਆਪਰੇਸ਼ਨ ਜਾਰੀ ਹੈ।