ਅੰਮ੍ਰਿਤਸਰ: ਆਪਣੀਆਂ ਮੰਗਾਂ ਨੂੰ ਲੈਕੇ ਅਕਸਰ ਕਿਸਾਨ ਸੰਘਰਸ਼ ਕਰਦੇ ਦੇਖੇ ਗਏ ਹਨ। ਇਸ ਦੇ ਚੱਲਦਿਆਂ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਸਾਂਝੇ ਸੱਦੇ 'ਤੇ 2 ਜਨਵਰੀ ਨੂੰ ਜੰਡਿਆਲਾ ਗੁਰੂ ਦਾਣਾ ਮੰਡੀ ਵਿਖੇ ਮਹਾਂ ਰੈਲੀ ਕੀਤੀ ਜਾਵੇਗੀ। ਜਿਸ ਦੀਆਂ ਤਿਆਰੀਆਂ ਲਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੀਟਿੰਗ ਕੀਤੀ ਗਈ ਹੈ। ਇਸ ਸਬੰਧੀ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਣਾ ਮੰਡੀ ਜੰਡਿਆਲਾ ਗੁਰੂ ਵਿਖੇ 2 ਜਨਵਰੀ ਨੂੰ ਮਹਾਂ ਵਿਸ਼ਾਲ ਰੈਲੀ ਦੀ ਤਿਆਰੀਆਂ ਸੰਬੰਧੀ ਕਿਸਾਨਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ।।
ਮਹਾਂ ਰੈਲੀ ਸਬੰਧੀ ਤਿਆਰੀਆਂ ਮੁਕੰਮਲ: ਉਨ੍ਹਾਂ ਕਿਹਾ ਕੀ ਮੋਦੀ ਸਰਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਖਤਮ ਕਰਕੇ ਖੇਤੀ ਸੈਕਟਰ ਉੱਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਵਿਚ ਲੱਗੀ ਹੋਈ ਹੈ ਪਰ ਜਥੇਬੰਦੀਆਂ ਵੱਡੇ ਸੰਘਰਸ਼ਾਂ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਤੇ ਸਰਕਾਰ ਖਿਲਾਫ਼ ਲਾਮਬੰਦੀ ਲਈ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਮਹਾਂ ਰੈਲੀ ਕਰਨ ਜਾ ਰਹੀਆਂ ਹਨ। ਜਿਸ 'ਚ ਦੇਸ਼ ਭਰ ਤੋਂ ਕਿਸਾਨ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਦੇਸ਼ ਦੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਦੀ ਹੋ ਸਕੇ।
ਕਿਸਾਨਾਂ ਦੀਆਂ ਇਹ ਨੇ ਮੁੱਖ ਮੰਗਾਂ: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਕਿ ਕਿਸਾਨਾਂ ਮਜ਼ਦੂਰਾਂ ਸਬੰਧੀ ਮੰਗਾਂ ਜਿਸ ਵਿੱਚ ਮੁੱਖ ਤੌਰ 'ਤੇ ਸਾਰੀਆਂ ਫਸਲਾਂ ਦੀ ਖਰੀਦ 'ਤੇ ਐੱਮ.ਐੱਸ.ਪੀ ਗਰੰਟੀ ਕਾਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਸੀ 2 +50% ਨਾਲ, ਕਿਸਾਨਾਂ ਮਜ਼ਦੂਰਾਂ ਦੀ ਪੂਰਨ ਕਰਜ਼ ਮੁਕਤੀ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ, ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕਰਨ,ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ ਸਕੀਮ, ਜ਼ਮੀਨ ਐਕੁਆਇਰ ਕਰਨ ਸਬੰਧੀ ਕਨੂੰਨ ਵਿਚ ਕੀਤਾ ਬਦਲਾਵ ਵਾਪਿਸ ਲੈ ਕੇ 2013 ਦੇ ਰੂਪ ਵਿਚ ਲਾਗੂ ਕਰਵਾਉਣ ਸਮੇਤ ਹੋਰ ਅਹਿਮ ਮੁੱਦਿਆਂ ਨੂੰ ਲੈਕੇ 2 ਜਨਵਰੀ ਨੂੰ ਜੰਡਿਆਲਾ ਗੁਰੂ ਦਾਣਾ ਮੰਡੀ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਦਿੱਲੀ ਵਿਖੇ ਹੋਣ ਵਾਲੇ ਅੰਦੋਲਨ ਦੀ ਤਿਆਰੀ ਸਬੰਧੀ ਇਸ ਮਹਾਂ ਰੈਲੀ ਵਿੱਚ ਭਾਰਤ ਦੇ ਵੱਡੇ-ਵੱਡੇ ਜਥੇਬੰਦੀਆਂ ਦੇ ਆਗੂ ਵੀ ਆ ਰਹੇ ਹਨ । ਇਸ ਮਹਾਂ ਰੈਲੀ ਵਿੱਚ ਲੱਗਭਗ ਇੱਕ ਲੱਖ ਤੋਂ ਵੱਧ ਕਿਸਾਨ ਭਾਗ ਲੈਣਗੇ।