ਲੁਧਿਆਣਾ: ਸ਼ਹਿਰ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਲੈਂਦੇ ਹੋਏ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ। ਪਿੰਡ ਤਲਵੰਡੀ ਤੋਂ ਬਾਅਦ ਹੁਣ ਲੁਧਿਆਣਾ ਦੇ ਦੁਗਰੀ ਸਥਿਤ ਭਾਈ ਹਿੰਮਤ ਸਿੰਘ ਨਗਰ ਵਿੱਚ ਰਾਹੁਲ ਨਾਂ ਦੇ ਨਸ਼ਾ ਤਸਕਰ ਦੀ ਪ੍ਰਾਪਟੀ ਉੱਤੇ ਕਾਰਵਾਈ ਹੋਈ। ਇਸ ਸਬੰਧੀ ਖੁਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਦੀ ਅਗਵਾਈ ਵਿੱਚ ਇਹ ਕਾਰਵਾਈ ਕੀਤੀ ਗਈ। ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਬੁਲਡੋਜ਼ਰ ਲਗਾ ਕੇ ਘਰ ਤੋੜਿਆ ਗਿਆ।
ਮੁਲਜ਼ਮ ਉੱਤੇ ਕੀ-ਕੀ ਮਾਮਲੇ ਦਰਜ?
ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੇ ਦੱਸਿਆ ਕਿ ਮੁਲਜ਼ਮ ਰਾਹੁਲ ਤੋਂ ਪਿਛਲੇ ਸਾਲ ਕਮਰਸ਼ੀਅਲ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ। ਉਸ ਦਾ ਵੀ ਅੱਜ ਘਰ ਤੋੜ ਦਿੱਤਾ ਗਿਆ। ਮੁਲਜ਼ਮ ਦੇ ਕੋਲੋਂ 2 ਲੱਖ ਤੋਂ ਵੱਧ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਇਸ ਤੋਂ ਇਲਾਵਾ ਉਸ ਕੋਲੋਂ 40 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਅੱਜ ਉਸ ਦੇ ਘਰ ਨੂੰ ਤੋੜ ਦਿੱਤਾ ਗਿਆ।
ਅੱਗੇ ਵੀ ਦੇਖਣ ਨੂੰ ਮਿਲਣਗੀਆਂ ਅਜਿਹੀਆਂ ਕਾਰਵਾਈਆਂ
ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੇ ਦੱਸਿਆ ਕਿ, "ਰਾਹੁਲ ਨਾਮ ਦਾ ਸ਼ਖਸ ਹੈ ਜਿਸ ਦੇ ਘਰ ਉੱਤੇ ਇਹ ਕਾਰਵਾਈ ਕੀਤੀ ਹੈ। ਲੁਧਿਆਣਾ ਵਿੱਚ ਅਜਿਹੇ ਨਸ਼ਾ ਤਸਕਰਾਂ ਦੀ ਸਾਡੇ ਕੋਲ ਲੰਬੀ ਸੂਚੀ ਹੈ। ਕੁਲਦੀਪ ਚਹਿਲ ਨੇ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਜਿਨ੍ਹਾਂ ਵੱਲੋਂ ਨਸ਼ਾ ਵੇਚ ਕੇ ਕਿਸੇ ਵੀ ਤਰ੍ਹਾਂ ਦੀਆਂ ਜਾਇਦਾਦਾਂ ਬਣਾਈਆਂ ਗਈਆਂ ਹਨ। ਉਨ੍ਹਾਂ ਉੱਤੇ ਆਉਂਦੇ ਦਿਨਾਂ ਵਿੱਚ ਵੀ ਲੁਧਿਆਣਾ ਦੇ ਅੰਦਰ ਅਜਿਹੀਆਂ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾਣਗੀਆਂ। ਅੱਗੇ ਹੋਰ ਕਰਵਾਈਆਂ ਵੀ ਤੁਹਾਨੂੰ ਵੇਖਣ ਨੂੰ ਮਿਲਣਗੀਆਂ।"
ਬੀਤੇ ਦਿਨ ਪਿੰਡ ਤਲਵੰਡੀ ਵਿਖੇ ਚੱਲਿਆ ਸੀ ਬੁਲਡੋਜ਼ਰ
ਬੀਤੇ ਦਿਨ (ਸੋਮਵਾਰ) ਦੇਰ ਰਾਤ ਲੁਧਿਆਣਾ ਦੇ ਲਾਡੋਵਾਲ ਦੇ ਨੇੜੇ ਪੈਂਦੇ ਪਿੰਡ ਤਲਵੰਡੀ ਵਿੱਚ ਨਸ਼ਾ ਤਸਕਰ ਸੋਨੂ ਦੇ ਘਰ ਉੱਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਉਸ ਉੱਤੇ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਸਨ। ਮੁਲਜ਼ਮ ਉੱਤੇ ਤਿੰਨ ਸਾਲ ਤੋਂ ਨਸ਼ਾ ਤਸਕਰੀ ਦੇ ਮਾਮਲੇ ਦਰਜ ਸਨ ਅਤੇ ਉਸ ਉੱਤੇ ਕੁੱਲ 6 ਐਫਆਈਆਰ ਰਜਿਸਟਰਡ ਸਨ। ਉਸ ਦੇ ਘਰ ਦੀ ਕੰਧ ਬੀਤੀ ਦੇਰ ਰਾਤ ਤੋੜ ਦਿੱਤੀ ਗਿਆ।