ਅੰਮ੍ਰਿਤਸਰ: ਕਿਹਾ ਜਾਂਦਾ ਹੈ ਕਿ ਗੁਰੂ ਉਸ ਮੋਮਬੱਤੀ ਵਾਂਗ ਹੁੰਦਾ ਹੈ ਜੋ ਖ਼ੁਦ ਸੜ ਕੇ ਦੂਸਰਿਆਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਦਾ ਹੈ। ਅੰਮ੍ਰਿਤਸਰ 'ਚ ਰਹਿਣ ਵਾਲਾ ਬਲਕਾਰ ਸਿੰਘ ਵੀ ਇੱਕ ਅਜਿਹਾ ਗੁਰੂ ਬਣ ਕੇ ਉੱਭਰਿਆ ਹੈ ਜੋ ਬੱਚਿਆਂ ਦੀ ਜ਼ਿੰਦਗੀ ਨੂੰ ਰੁਸ਼ਨਾਉਣ ਦਾ ਕੰਮ ਕਰ ਰਿਹਾ ਹੈ।
ਬਲਕਾਰ ਸਿੰਘ ਜੋ ਪੇਸ਼ੇ ਤੋਂ ਦਰਜੀ ਹੈ, ਸ਼ਾਮ ਵੇਲੇ ਗ੍ਰਾਉਂਡ 'ਚ ਬੱਚਿਆਂ ਨੂੰ ਬਾਕਸਿੰਗ ਦੀ ਮੁਫ਼ਤ ਟਰੇਨਿੰਗ ਦਿੰਦਾ ਹੈ। ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਬਾਕਸਿੰਗ ਦਾ ਪ੍ਰਾਈਵੇਟ ਕੋਚ ਹੈ ਅਤੇ ਆਪਣੇ ਦਰਜੀ ਦੇ ਪੇਸ਼ੇ ਤੋਂ ਕਮਾਏ ਪੈਸਿਆਂ ਤੋਂ ਹੀ ਬੱਚਿਆਂ ਨੂੰ ਟਰੇਨਿੰਗ ਦਿੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਦਿੱਤੀ ਜਾਂਦੀ।
ਗੱਲਬਾਤ ਦੌਰਾਨ ਬਲਕਾਰ ਸਿੰਘ ਨੇ ਕਿਹਾ ਕਿ ਉਸ ਦਾ ਸੁਪਨਾ ਹੈ ਕਿ ਉਹ ਹਿੰਦੂਸਤਾਨ ਲਈ ਕੁੱਝ ਕਰੇ ਅਤੇ ਇਸ ਟਰੇਨਿੰਗ ਰਾਹੀਂ ਉਹ ਨਾ ਸਿਰਫ਼ ਆਪਣੇ ਦੇਸ਼ ਲਈ ਬਲਕਿ ਆਪਣਾ ਸੁਪਨਾ ਵੀ ਪੂਰਾ ਕਰ ਰਿਹਾ ਹੈ। ਜਿੱਥੇ ਲੋਕਾਂ ਵੱਲੋਂ ਮਦਦ ਕਰਨ ਦੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਉੱਥੇ ਹੀ ਸਰਕਾਰ ਵੀ ਮਦਦ ਲਈ ਅੱਗੇ ਨਹੀਂ ਆ ਰਹੀ। ਬਿਨ੍ਹਾਂ ਕਿਸੇ ਲਾਭ ਦੀ ਉਮੀਦ ਕਰਦਿਆਂ ਟਰੇਨਿੰਗ ਦੇ ਰਹੇ ਕੋਚ ਬਲਕਾਰ ਦੇ ਵਿਦਿਆਰਥੀ ਵੀ ਉਸ ਦਾ ਨਾਂਅ ਰੌਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ- ਹਿਮਾ ਦਾਸ ਦੇ 5 ਗੋਲਡ ਜਿੱਤਣ ਤੇ ਬਾਲੀਵੁੱਡ ਨੇ ਦਿੱਤੀ ਵਧਾਈ
ਬਲਕਾਰ ਦੀ ਵਿਦਿਆਰਥਣ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਉਹ ਸਪੇਨ ਤੋਂ ਭਾਰਤ ਲਈ ਸੋਨ ਤਮਗਾ ਜਿੱਤ ਚੁੱਕੀ ਹੈ ਅਤੇ ਹੁਣ ਇੱਕ ਵਾਰ ਮੁੜ ਬਾਕਸਿੰਗ ਚੈਂਪੀਅਨਸ਼ਿਪ ਲਈ ਵਿਦੇਸ਼ ਜਾ ਰਹੀ ਹੈ। ਕਮਲਪ੍ਰੀਤ ਨੇ ਆਪਣੀ ਜਿੱਤ ਅਤੇ ਸਿੱਖਿਆ ਦਾ ਸਾਰਾ ਸਿਹਰਾ ਕੋਚ ਬਲਕਾਰ ਸਿੰਘ ਨੂੰ ਦਿੱਤਾ ਹੈ। ਮੀਡੀਆ ਰਾਹੀਂ ਕਮਲਪ੍ਰੀਤ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਕੋਚ ਬਲਕਾਰ ਸਿੰਘ ਨੂੰ ਸੁਵਿਧਾ ਦਿੱਤੀ ਜਾਵੇ ਤਾਂ ਜੋ ਬਲਕਾਰ ਸਿੰਘ ਦਾ ਗੁਜ਼ਾਰਾ ਸਹੀ ਢੰਗ ਨਾਲ ਹੋ ਸਕੇ ਅਤੇ ਇਸ ਟਰੇਨਿੰਗ ਨੂੰ ਹੋਰ ਵਧੀਆ ਪੱਧਰ 'ਤੇ ਸ਼ੁਰੂ ਕੀਤਾ ਜਾ ਸਕੇ।
ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਕੋਚ ਬਲਕਾਰ ਸਿੰਘ ਦੀ ਮਦਦ ਕਰ ਕੇ ਉਸ ਨੂੰ ਹੋਰ ਬੱਚਿਆਂ ਦੀ ਜ਼ਿੰਦਗੀ ਨੂੰ ਰੁਸ਼ਨਾਉਣ ਦਾ ਮੌਕਾ ਕਦੋਂ ਤੱਕ ਦਿੱਤਾ ਜਾਵੇਗਾ।