ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸਾਹਮਣੇ ਸਿੱਖ ਸੰਸਥਾਵਾਂ ਵੱਲੋਂ ਲਾਏ ਗਏ ਮੋਰਚੇ ਵਿੱਚ ਆਪਣਾ ਸਮਰਥਨ ਦੇਣ ਲਈ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਬਾਬਾ ਰਾਮ ਸਿੰਘ ਜੀ ਪਹੁੰਚੇ।
ਉਨ੍ਹਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੀ ਅਣਗਹਿਲੀ ਕਰਕੇ 328 ਸਰੂਪ ਗਾਇਬ ਹੋਏ ਅਤੇ 450 ਸਰੂਪ ਕੈਨੇਡਾ ਵਿੱਚ ਪਾਣੀ ਨਾਲ ਸਲਾਬੇ ਗਏ ਅਤੇ ਹੋਰ ਸਰੂਪਾਂ ਦੀ ਗਿਣਤੀ ਮਿਣਤੀ ਸਾਹਮਣੇ ਨਹੀਂ ਆਈ। ਸ਼੍ਰੋਮਣੀ ਕਮੇਟੀ ਦੀ ਇਸ ਬੱਜਰ ਅਣਗਹਿਲੀ ਲਈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸਿੱਖ ਸੰਸਥਾਵਾਂ ਵੱਲੋਂ ਮੋਰਚਾ ਲਾਇਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਇੱਕ-ਇੱਕ ਰੁਪਏ ਦਾ ਹਿਸਾਬ ਰੱਖਦੀ ਹੈ ਪਰ ਗੁਰੂ ਸਾਹਿਬ ਦੀ ਹੋ ਰਹੀ ਬੇਅਦਬੀ ਦਾ ਕੋਈ ਹਿਸਾਬ ਨਹੀਂ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਵੱਲੋਂ ਪਹਿਲਾਂ ਵੀ ਆਪਣੇ 'ਸਿੰਘ' ਇਸ ਮੋਰਚੇ ਵਿੱਚ ਲਗਾਤਾਰ ਭੇਜੇ ਗਏ ਤੇ ਉਹ ਹੁਣ ਖੁਦ ਹਾਜ਼ਰੀ ਭਰਨ ਆਏ ਹਨ ਅਤੇ ਹਮੇਸ਼ਾ ਹੀ ਗੁਰੂ ਸਾਹਿਬ ਦੇ ਸਤਿਕਾਰ ਲਈ ਤੱਤਪਰ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਕਹਿੰਦੇ ਆ ਰਹੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਜਿਸ ਕਾਰਨ ਬਹੁਤ ਗ਼ਲਤ ਕੰਮ ਹੋ ਰਹੇ ਹਨ ਤੇ ਕਮੇਟੀ ਦੇ ਪ੍ਰਬੰਧਕ ਮਸੰਦਪੁਣੇ 'ਤੇ ਉੱਤਰ ਆਏ ਹਨ। ਇਸ ਲਈ ਸ਼੍ਰੋਮਣੀ ਕਮੇਟੀ ਤੋਂ ਸਰੂਪਾਂ ਦਾ ਹਿਸਾਬ ਲੈਣ ਲਈ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਇਸ ਮੋਰਚੇ ਵਿੱਚ ਵਧ ਚੜ ਕੇ ਹਿੱਸਾ ਲੈਣ। ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਵਿੱਚ ਸਰੂਪਾਂ ਦੇ ਗਾਇਬ ਹੋਣ ਬਾਰੇ ਕੋਈ ਇਨਸਾਫ਼ ਨਾ ਮਿਲਣ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਜਲਾਸ ਵਿੱਚ ਤਾਂ ਸ਼੍ਰੋਮਣੀ ਕਮੇਟੀ ਵਾਲੇ ਪੈਸੇ ਦਾ ਰੋਣਾ ਰੋਂਦੇ ਹਨ ਕਿ ਕੋਰੋਨਾ ਕਰਕੇ ਦਰਬਾਰ ਸਾਹਿਬ ਘੱਟ ਆਈ ਸੰਗਤ ਕਰਕੇ ਉਨ੍ਹਾਂ ਨੂੰ ਘਾਟਾ ਪੈ ਗਿਆ, ਹੁਣ ਉਨ੍ਹਾਂ ਨੂੰ ਖਾਣ ਲਈ ਪੈਸੇ ਘੱਟ ਮਿਲਣਗੇ, ਇਜਲਾਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕਿਸੇ ਨੇ ਕੁਝ ਨਹੀਂ ਬੋਲਿਆ।
ਉਨ੍ਹਾਂ ਕਿਹਾ ਕਿ ਸਾਡੀਆਂ ਅਣਖਾਂ ਦੇ ਜ਼ਮੀਰਾਂ ਮਰ ਗਈਆਂ ਹਨ ਕਿ ਸਾਨੂੰ ਗੁਰੂ ਦਾ ਚੇਤਾ ਭੁੱਲ ਗਿਆ, ਸਿਰਫ ਪੈਸਾ ਹੀ ਯਾਦ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੁਰਸੀ ਛੱਡਣ ਦੇ ਸਵਾਲ ਦੇ ਜਵਾਬ ਵਿੱਚ ਬਾਬਾ ਰਾਮ ਸਿੰਘ ਨੇ ਕਿਹਾ ਕਿ ਪਿਛਲੇ ਕਈ ਵਰ੍ਹਿਆਂ ਤੋਂ ਸਿੱਖ ਕੌਮ ਇਨ੍ਹਾਂ ਦੀ ਜਾਨ ਨੂੰ ਰੋ ਰਹੀ ਹੈ, ਉਦੋਂ ਕਿਉਂ ਨਹੀਂ ਕੁਰਸੀ ਛੱਡੀ ? ਹੁਣ ਜਦੋਂ ਸਾਰਾ ਪੰਜਾਬ ਸੜਕਾਂ 'ਤੇ ਆ ਗਿਆ ਤਾਂ ਇਨ੍ਹਾਂ ਕੋਲ ਕੋਈ ਰਾਹ ਨਹੀਂ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਬਰਗਾੜੀ ਵਿਖੇ ਸਿੱਖਾਂ ਉੱਪਰ ਗੋਲੀਆਂ ਚੱਲੀਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਦੋਂ ਕਿਉਂ ਨਹੀਂ ਕੁਰਸੀ ਛੱਡੀ? ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮਕਸਦ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਹੁਣ ਛੱਡੀ ਕੁਰਸੀ ਕੋਈ ਮਤਲਬ ਨਹੀਂ ਰੱਖਦੀ।