ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਤਜ਼ਵੀਜੀ ਦਿੱਲੀ -ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਹਾਈਵੇ ਦੇ ਰੂਟ ਵਿੱਚ ਕੀਤੀ ਤਬਦੀਲੀ ਦਾ ਮੁੱਦਾ ਗਰਮ ਹੁੰਦਾ ਜਾ ਰਿਹਾ ਹੈ। ਅੰਮ੍ਰਿਤਸਰ ਨੂੰ ਇਸ ਪ੍ਰੋਜੈਕਟ ਵਿਚੋਂ ਬਾਹਰ ਕੱਢਣ ਦਾ ਮੁੱਦਾ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਪਹਿਲਾ ਹੀ ਚੁੱਕ ਚੁੱਕੇ ਹਨ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਮੁੜ ਤੋਂ ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਵੀਰ ਸਿੰਘ ਗਿੱਲ ਨਾਲ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਇਸ ਮੁੱਦੇ ਨੂੰ ਚੁੱਕਿਆ ਹੈ।
ਗੁਰਜੀਤ ਸਿੰਘ ਔਜਲਾ ਅਤੇ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਇਸ ਪ੍ਰੋਜੈਕਟ 'ਚ ਅੰਮ੍ਰਿਤਸਰ ਨਾਲ ਜਾਣਬੁੱਝ ਕੇ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾ ਤੋਂ ਤਜ਼ਵੀਜੀ ਪ੍ਰਜੈਕਟ 'ਤੇ ਹੀ ਕੰਮ ਕਰੇ ਤਾਂ ਜੋ ਇਸ ਨਾਲ ਅੰਮ੍ਰਿਤਸਰ ਸਮੇਤ ਸਾਰੇ ਹੀ ਮਾਝੇ ਨੂੰ ਲਾਭ ਪਹੁੰਚੇ।
ਦੋਵੇਂ ਆਗੂਆਂ ਨੇ ਕਿਹਾ ਕਿ ਇਸ ਮੁੱਦੇ 'ਤੇ ਸਿਆਸੀ ਮੱਤਭੇਦਾ ਨੂੰ ਭੁਲਾ ਕੇ ਪੰਜਾਬ ਅਤੇ ਗੁਰੂ ਨਗਰ ਅੰਮ੍ਰਿਤਸਰ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਪ੍ਰਜੈਕਟ ਨੂੰ ਪਹਿਲੀ ਤਜ਼ਵੀਜ 'ਤੇ ਹੀ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਪੰਜਾਬ ਦੇ ਸੈਰ-ਸਪਾਟੇ ਨੂੰ ਭਾਰੀ ਲਾਭ ਪਹੁੰਚੇਗਾ।
ਗੁਰਜੀਤ ਔਜਲਾ ਤੇ ਜਸਵੀਰ ਗਿੱਲ ਨੇ ਕਿਹਾ ਕਿ ਜੋ ਬਹਾਨਾ ਸਰਕਾਰ ਇਸ ਪ੍ਰੋਜੈਕਟ ਦੀ ਪਹਿਲੀ ਤਜ਼ਵੀਜ ਨੂੰ ਬਦਲਣ ਦਾ ਬਣਾ ਰਹੀ ਹੈ ਉਹ ਗਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਇਸ ਤਰ੍ਹਾਂ ਕਰਨ ਨਾਲ 11 ਕਿਲੋ ਮੀਟਰ ਦਾ ਫਾਸਲਾ ਘੱਟ ਹੁੰਦਾ ਹੈ। ਜੋ ਕਿ ਗਲਤ ਹੈ ਉਨ੍ਹਾਂ ਕਿਹਾ ਕਿ 11 ਕਿਲੋ ਮੀਟਰ ਨਾਲ ਪੰਜਾਬ ਨੂੰ ਨੁਕਸਾਨ ਹੀ ਹੋਵੇਗਾ।
ਇਸੇ ਨਾਲ ਹੀ ਪੰਜਾਬ ਵਿੱਚ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਯਾਤਰੀਆਂ ਦੇ ਮਾਮਲੇ 'ਤੇ ਬੋਲਦੇ ਹੋਏ ਜਸਵੀਰ ਸਿੰਘ ਗਿੱਲ ਨੇ ਆਖਿਆ ਕਿ ਸੂਬਾ ਸਰਕਾਰ ਇਸ ਮਾਮਲੇ ਪ੍ਰਤੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਅਫਵਾਹਾਂ ਨਾ ਫੈਲਾਈਆਂ ਜਾਣ।