ਅੰਮ੍ਰਿਤਸਰ: ਪੰਜਾਬ ਪੁਲਿਸ ਆਪਣੀ ਕਾਰਗੁਜ਼ਾਰੀ ਕਾਰਨ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਅੰਮ੍ਰਿਤਸਰ ਪੁਲਿਸ 'ਤੇ ਝੂਠਾ ਪਰਚਾ ਪਾਉਣ ਦੇ ਵੱਡੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਅੰਮ੍ਰਿਤਸਰ ਦੇ 88 ਫੁੱਟ ਸਥਿਤ ਮੁਹੱਲਾ ਦੀ ਪੀੜਤ ਮੀਨਾ ਨੇ ਇਲਜ਼ਾਮ ਲਗਾਏ ਹਨ ਕਿ ਪੁਲਿਸ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ।
ਕੀ ਹੈ ਪੂਰਾ ਮਾਮਲਾ: ਦੋ ਬੱਚੀਆਂ ਨੇ ਮੁਹੱਲੇ ਦੇ ਲੋਕਾਂ ਨੂੰ ਨਾਲ ਲੈਕੇ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ 'ਤੇ ਗੰਭੀਰ ਆਰੋਪ ਲਾਏ ਹਨ , ਇਸ ਮੌਕੇ ਉਹਨਾਂ ਨਾਲ ਭਗਵਾਨ ਵਾਲਮੀਕਿ ਸੰਘਰਸ਼ ਦਲ ਦੇ ਨੁਮਾਇੰਦੇ ਵੀ ਮੌਜੂਦ ਸਨ। ਬੱਚੀਆਂ ਨੇ ਪੁਲਿਸ 'ਤੇ ਆਰੋਪ ਲਗਾਉਂਦੇ ਕਿਹਾ ਕਿ ਪੁੁਲਿਸ ਨੇ ਉਨਹਾਂ ਦੇ ਭਰਾ, ਪਿਤਾ ਅਤੇ ਮਾਂ ਖਿਲਾਫ਼ ਝੂਠਾ ਪਰਚਾ ਦਰਜ ਕਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਉਨਹਾਂ ਦੀ ਮਾਂ ਮੀਨਾ ਕੁਮਾਰੀ ਸ਼ਾਮ ਵੇਲੇ ਆਪਣੀ ਕਰਿਆਨਾ ਦੀ ਦੁਕਾਨ ਦੇ ਬਾਹਰ ਬੈਠੀ ਹੋਈ ਸੀ ਕੇ ਦੋ ਨੌਜਵਾਨ ਉਸਦਾ ਮੋਬਾਇਲ ਖੋਹ ਕੇ ਭੱਜ ਗਏ।ਇਸੇ ਦੌਰਾਨ ਮੀਨਾ ਕੁਮਾਰੀ ਚੀਕਾਂ ਮਾਰਦੇ ਹੋਏ ਉਹਨਾਂ ਦੇ ਪਿਛੇ ਭੱਜੀ ਤਾਂ ਚੀਕ ਚਿਹਾੜਾ ਸੁਣ ਮੁਹੱਲੇ ਵਾਲੇ ਵੀ ਉਸਦੇ ਨਾਲ ਭੱਜੇ ਅਤੇ ਝਾੜੀਆਂ ਚ' ਲੁੱਕੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਪਾਸੋਂ ਮੋਬਾਇਲ ਬਰਾਮਦ ਕੀਤਾ ।ਉਹਨਾਂ ਦੱਸਿਆ ਕੇ ਮੋਬਾਇਲ ਬਾਰੇ ਪੁੱਛਣ ਲਈ ਚੋਰ ਦੇ ਦੋ ਚਾਰ ਥੱਪੜ ਵੀ ਮਾਰੇ ਗਏ , ਜਿਸਤੋਂ ਬਾਅਦ ਮੋਬਾਇਲ ਖੋਹਣ ਵਾਲੇ ਨੇ ਮੁਹੱਲੇ ਵਾਸੀਆਂ ਤੋਂ ਮਾਫੀ ਮੰਗੀ ਤੇ ਕਿਹਾ ਕੇ ਉਹ ਮੋਬਾਈਲ ਦੇ ਦਿੰਦਾ ਹੈ ਪਰ ਉਸਨੂੰ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ, ਜਿਸਤੇ ਮੁਹੱਲੇ ਵਾਲਿਆਂ ਨੇ ਉਸਨੂੰ ਛੱਡ ਦਿੱਤਾ ਤੇ ਉਹ ਚਲਾ ਗਿਆ ।
ਪੀੜਤ ਦੇ ਘਰ 'ਤੇ ਹਮਲਾ: ਪਰਿਵਾਰ ਨੇ ਆਰੋਪ ਲਾਇਆ ਕੇ ਕੁਝ ਦੇਰ ਬਾਅਦ ਚੋਰ ਆਪਣੇ 20-22 ਸਾਥੀਆਂ ਨਾਲ ਆਇਆ ਤੇ ਉਹਨਾਂ ਦੇ ਘਰ 'ਤੇ ਹਮਲਾ ਕਰ ਦਿੱਤਾ ।ਉਹਨਾਂ ਨੇ ਬੱਚੀਆਂ ਦੇ ਥੱਪੜ ਮਾਰੇ ਤੇ ਭਰਾ ਦੇ ਸੱਟਾਂ ਮਾਰ ਕੇ ਫਰਾਰ ਹੋ ਗਏ , ਜਿਸਦੀ ਕੇ ਉਹਨਾਂ ਵਲੋਂ 112 ਤੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਦੂਜੇ ਪਾਸੇ ਚੋਰੀ ਕਰਨ ਵਾਲੇ ਨੌਜਾਵਨ ਨੇ ਪੀੜਤ ਪਰਿਵਾਰ 'ਤੇ ਹੀ ਝੂਠਾ ਪਰਚਾ ਦਰਜ ਕਰਵਾ ਦਿੱਤਾ। ਜਿਸ ਕਾਰਨ ਪੁਲਿਸ ਉਨਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਸੰਸਥਾ ਦੇ ਨੁਮਾਇੰਦਿਆਂ ਨੇ ਕਿਹਾ ਹੈ ਕੇ ਜੇਕਰ ਪੁਲਿਸ ਨੇ ਪੀੜ੍ਹਤ ਪੱਖ ਨੂੰ ਇਨਸਾਫ ਨਾ ਦਿੱਤਾ ਤਾਂ ਉਹ ਸੰਘਰਸ਼ ਕਰਨਗੇ ਤੇ ਜ਼ੂਰਰਤ ਪਈ ਤਾਂ ਥਾਣਾ ਸਦਰ ਦਾ ਘਿਰਾਓ ਵੀ ਕਰਨਗੇ ।
ਜਾਂਚ ਅਧਿਕਾਰੀ ਦਾ ਬਿਆਨ: ਦੂਜੇ ਪਾਸੇ ਇਸ ਸਬੰਧੀ ਜਦੋਂ ਪੁਲਿਸ ਥਾਣਾ ਸਦਰ ਦੇ ਮੁਖੀ ਰਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕੇ ਮੋਬਾਈਲ ਖੋਹਣ ਦੀ ਕੋਈ ਵੀ ਸ਼ਿਕਾਇਤ ਉਹਨਾਂ ਨੂੰ ਨਹੀਂ ਦਿੱਤੀ ਗਈ , ਜਦਕਿ ਸਰਬਜੀਤ ਸਿੰਘ ਗੋਰਾ ਨਾਮਕ ਨੌਜਵਾਨ ਦੇ ਇਹਨਾਂ ਨੇ ਸੱਟਾਂ ਮਾਰੀਆਂ ਹਨ ਜਿਸਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਇਹਨਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।ਅਧਿਕਾਰੀ ਨੇ ਕਿਹਾ ਕਿ ਸਰਬਜੀਤ ਸਿੰਘ ਨੇ ਆਰੋਪ ਲਗਾਏ ਕਿ ਸਾਡੇ ਬੇਟੇ ਨਾਲ਼ ਕੁੱਟਮਾਰ ਕੀਤੀ ਉਸਦੀ ਲੱਤ ਵੀ ਤੋੜ ਦਿੱਤੀ ਪੁਲੀਸ ਅਧਿਕਾਰੀ ਨੇ ਕਿਹਾ ਅਸੀਂਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜਤ ਨਹੀਂ ਦਵਾਂਗੇ ।