ਅੰਮ੍ਰਿਤਸਰ: ਸੂਬੇ 'ਚ ਅਪਰਾਧਿਕ ਘਟਨਾਵਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ ਅਤੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਆਮ ਹੋ ਚੱਲੀਆਂ ਹਨ, ਅਜਿਹੇ 'ਚ ਪੁਲਿਸ ਪ੍ਰਸ਼ਾਸਨ ਦੀ ਸਤਰਕਤਾ ਇੱਕ ਅਹਿਮ ਸਵਾਲ ਹੁੰਦਾ ਹੈ। ਅਜਿਹੀ ਹੀ ਇੱਕ ਘਟਨਾ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਸਥਿਤ ਮਨੀ ਐਕਸਚੇਂਜ ਦੀ ਦੁਕਾਨ 'ਤੇ ਵਾਪਰੀ, ਜਿੱਥੇ ਬੰਦੂਕ ਦੀ ਨੋਕ 'ਤੇ ਲੁਟੇਰਿਆਂ ਨੇ ਦੁਕਾਨਦਾਰ ਤੋਂ 60,000 ਰੁਪਏ ਉੜਾ ਲਏ ਸਨ ਅਤੇ ਪੁਲਿਸ ਨੇ ਮੁਲਜ਼ਮਾ ਚੋਂ ਇੱਕ ਨੂੰ ਮੋਬਾਇਲਫੋਨ ਅਤੇ i-20 ਕਾਰ ਸਮੇਤ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਮਾਮਲੇ 'ਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ 2 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ ਜਿਨ੍ਹਾਂ ਪਾਸੋ ਇੱਕ ਪਿਸਤੌਲ ਅਤੇ 2 ਮੋਬਾਈਲ ਫੋਨ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ 'ਚ ਬੰਦੂਕ ਦੀ ਨੋਕ ਦੇ ਲੁੱਟ-ਖੋਹ ਦੀਆਂ 6 ਵਾਰਦਾਤਾਂ ਨੂੰ ਇਨਾਂ ਵੱਲੋਂ ਅਨਜ਼ਾਮ ਦਿੱਤਾ ਗਿਆ ਸੀ, ਜੋ ਮੁਲਜ਼ਮਾਂ ਵੱਲੋਂ ਕਬੂਲ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਮੁਤਾਬਕ ਲਵ ਨਾਮ ਦਾ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ ਜਦਕਿ ਇਸ ਮਾਮਲੇ 'ਚ 2 ਮੁਲਜ਼ਮ ਬਿੱਕਾ ਅਤੇ ਸਾਧੂ ਭਗੌੜੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਮਜੀਠਾ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ।