ਟੋਕੀਓ: ਭਾਰਤੀ ਪਹਿਲਵਾਨ ਰਵੀ ਕੁਮਾਰ ਫਾਈਨਲ ਵਿੱਚ ਪਹੁੰਚ ਗਏ ਹਨ। ਸੈਮੀਫਾਈਨਲ ਵਿੱਚ ਉਸਨੇ ਕਜ਼ਾਕਿਸਤਾਨ ਦੇ ਪਹਿਲਵਾਨ ਨੂਰੀਸਲਾਮ ਨੂੰ ਹਰਾਇਆ ਹੈ। ਇਸ ਜਿੱਤ ਦੇ ਨਾਲ ਹੀ ਰਵੀ ਨੇ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਹੈ। ਦੂਜੇ ਪਾਸੇ ਦੀਪਕ ਪੂਨੀਆ ਨੂੰ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਭਾਰਤੀ ਪਹਿਲਵਾਨ ਰਵੀ ਕੁਮਾਰ ਨੇ ਟੋਕੀਓ ਉਲੰਪਿਕ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਪੁਰਸ਼ ਫ੍ਰੀਸਟਾਈਲ 57 ਕਿਲੋਗ੍ਰਾਮ ਭਾਰ ਵਰਗ ਵਿੱਚ ਫਾਈਨਲ ਵਿੱਚ ਪਹੁੰਚ ਗਏ ਹਨ। ਰਵੀ ਨੇ ਸੈਮੀਫਾਈਨਲ ਵਿੱਚ ਕਜ਼ਾਕਿਸਤਾਨ ਦੇ ਪਹਿਲਵਾਨ ਸਨਾਏਵ ਨੂਰੀਸਲਾਮ ਨੂੰ ਹਰਾਇਆ ਹੈ। ਰਵੀ ਕੁਮਾਰ ਸ਼ੁਰੂਆਤੀ ਮੈਚ 'ਚ 5-9 ਨਾਲ ਪਿੱਛੇ ਸੀ, ਪਰ ਉਸ ਨੇ ਜ਼ਬਰਦਸਤ ਵਾਪਸੀ ਕਰਦਿਆਂ ਕਜ਼ਾਕਿਸਤਾਨ ਦੇ ਪਹਿਲਵਾਨ ਨੂੰ ਹਰਾ ਦਿੱਤਾ।
ਇਸ ਜਿੱਤ ਨਾਲ ਉਨ੍ਹਾਂ ਨੇ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਹੈ। ਰਵੀ ਕੁਮਾਰ ਭਾਰਤ ਦੇ ਪੰਜਵੇਂ ਪਹਿਲਵਾਨ ਹਨ ਜਿਨ੍ਹਾਂ ਨੇ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਉਨ੍ਹਾਂ ਤੋਂ ਪਹਿਲਾਂ ਕੇਡੀ ਜਾਧਵ, ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ ਅਤੇ ਸਾਕਸ਼ੀ ਮਲਿਕ ਉਲੰਪਿਕ ਕੁਸ਼ਤੀ ਵਿੱਚ ਭਾਰਤ ਲਈ ਤਗਮੇ ਜਿੱਤ ਚੁੱਕੇ ਹਨ।
ਇਸ ਦੇ ਨਾਲ ਹੀ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਸ਼ਾਨਦਾਰ ਥ੍ਰੋਅ ਕੀਤੀ। ਉਨ੍ਹਾਂ ਨੇ ਜੈਵਲਿਨ ਨੂੰ 86.65 ਮੀਟਰ ਦੂਰ ਤੱਕ ਸੁੱਟਿਆ। ਇਸ ਦੇ ਨਾਲ ਉਹ ਫਾਈਨਲ ਲਈ ਕੁਆਲੀਫਾਈ ਕਰ ਗਏ ਹਨ।
ਫਾਈਨਲ ਵਿੱਚ ਸਿੱਧਾ ਦਾਖ਼ਲ ਕਰਨ ਲਈ 83.50 ਮੀਟਰ ਦੀ ਥਰੋਅ ਦੀ ਲੋੜ ਹੁੰਦੀ ਹੈ। ਨੀਰਜ ਹੁਣ 7 ਅਗਸਤ ਨੂੰ ਹੋਣ ਵਾਲੇ ਫਾਈਨਲ ਮੈਚ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਪੁਰਸ਼ਾਂ ਦੇ ਜੈਵਲਿਨ ਥ੍ਰੋ ਦੇ ਕੁਆਲੀਫਿਕੇਸ਼ਨ ਰਾਉਂਡ ਵਿੱਚ ਨੀਰਜ ਚੋਪੜਾ ਗਰੁੱਪ ਵਿੱਚ ਪਹਿਲੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ:Tokyo Olympics 2020: ਭਾਰਤ ਦਾ ਇੱਕ ਹੋਰ ਮੈਡਲ ਪੱਕਾ ਰਵੀ ਦਹੀਆ ਫਾਈਨਲ 'ਚ ਪੁੱਜੇ