ਲੁਧਿਆਣਾ : ਅਵਤਾਰ ਸਿੰਘ ਲਲਤੋਂ ਇੱਕ ਅਜਿਹੀ ਹਸਤੀ ਹੈ, ਜੋ 53 ਸਾਲ ਦੀ ਉਮਰ 'ਚ ਬਾਡੀ ਬਿਲਡਿੰਗ ਦੇ ਨਾਲ ਹੁਣ ਪਾਵਰ ਲਿਫ਼ਟਿੰਗ ਕਰਕੇ ਨੌਜਵਾਨਾਂ ਨੂੰ ਮਾਤ ਪਾ ਰਹੇ ਹਨ। ਇਸ ਉਮਰ ਵਿੱਚ ਜਾ ਕੇ ਅਕਸਰ ਪਰਿਵਾਰ ਦੀ ਜ਼ਿੰਮੇਵਾਰੀਆਂ ਅਤੇ ਬੁਢਾਪਾ ਸ਼ੁਰੂ ਹੋ ਜਾਂਦਾ ਹੈ, ਉਸ ਉਮਰ ਵਿੱਚ ਬਾਡੀ ਬਿਲਡਿੰਗ ਤੇ ਪਾਵਰ ਲਿਫਟਿੰਗ ਕਰਕੇ ਅਵਤਾਰ ਸਿੰਘ ਲਲਤੋਂ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਕੇ ਮੈਡਲ ਵੀ ਆਪਣੇ ਨਾਂਅ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਜਾਲਮ ਕਹਿਣ ਬਲਾਵਾਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਨੇ
ਬਚਪਨ ਤੋਂ ਹੀ ਬਾਡੀ ਬਿਲਡਿੰਗ ਦਾ ਸੀ ਸ਼ੌਕ
ਅਵਤਾਰ ਸਿੰਘ ਨੂੰ ਬਚਪਨ ਤੋਂ ਹੀ ਬਾਡੀ ਬਿਲਡਿੰਗ ਤੇ ਸਿਹਤ ਬਣਾਉਣ ਦਾ ਸ਼ੌਕ ਸੀ ਤੇ ਇਸੇ ਸ਼ੌਕ ਨੂੰ ਉਸਨੇ ਆਪਣੇ ਕੰਮ ਵਜੋਂ ਵੀ ਵਿਕਸਿਤ ਕੀਤਾ। 16 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਹੁਣ ਉਨ੍ਹਾਂ ਨੂੰ ਕਾਮਯਾਬੀ ਹਾਸਲ ਹੋਈ ਹੈ।
ਇਨਾਮ ਜਿੱਤ ਕੇ ਹਾਸਿਲ ਕੀਤੀਆਂ ਬੁਲੰਦੀਆਂ
53 ਸਾਲਾ ਅਵਤਾਰ ਸਿੰਘ ਲਲਤੋਂ ਹਾਲ ਹੀ ਦੇ ਵਿੱਚ ਦਿੱਲੀ 'ਚ ਹੋਏ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਪਰਤੇ ਹਨ। ਇਨ੍ਹਾਂ ਹੀ ਨਹੀਂ ਉਹ ਲਗਾਤਾਰ ਦੋ ਗੋਲਡ ਮੈਡਲ ਇੱਕ ਤੋਂ ਬਾਅਦ ਇੱਕ ਜਿੱਤ ਕੇ ਵਿਸ਼ਵ ਰਿਕਾਰਡ ਵੀ ਆਪਣੇ ਨਾਂਅ ਕਰ ਚੁੱਕੇ ਹਨ। ਦੱਸ ਦਈਏ ਕਿ ਮਹਿਜ਼ ਦੋ ਦਿਨਾਂ ਵਿੱਚ ਲਗਾਤਾਰ ਬੋਡੀ ਬਿਲਡਿੰਗ ਵਿੱਚ 2 ਵਿਸ਼ਵ ਪੱਧਰ ਦੇ ਮੁਕਾਬਲਿਆਂ 'ਚ ਗੋਲਡ ਮੈਡਲ ਆਪਣੇ ਨਾਂ ਕਰ ਚੁੱਕੇ ਹਨ। ਇਸ ਤੋਂ ਇਲਾਵਾ ਏਸ਼ੀਆ ਕੱਪ ਦੇ ਵਿੱਚ ਵੀ ਕਾਂਸੇ ਦਾ ਤਗ਼ਮਾ ਜਿੱਤ ਚੁੱਕੇ ਹਨ।
ਸ਼ੌਕ ਲਈ ਵੇਚਿਆ ਆਪਣਾ ਘਰ
ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦੇ ਅਵਤਾਰ ਸਿੰਘ ਲਲਤੋਂ ਨੇ ਦੱਸਿਆ ਕਿ ਆਪਣੇ ਇਸ ਸ਼ੌਕ ਲਈ ਉਹ ਆਪਣਾ ਘਰ ਤੱਕ ਵੇਚ ਚੁੱਕੇ ਹਨ।
ਸਿਹਤ ਦਾ ਰੱਖਦੇ ਨੇ ਪੂਰਾ ਧਿਆਨ
ਅਵਤਾਰ ਸਿੰਘ ਲਲਤੋਂ ਦਿਨ ਵਿੱਚ 2 ਘੰਟੇ ਬਾਡੀ ਬਿਲਡਿੰਗ ਦਾ ਅਭਿਆਸ ਕਰਦੇ ਹਨ। ਇਸ ਤੋਂ ਇਲਾਵਾ ਉਹ ਲਗਾਤਾਰ ਆਪਣੀ ਡਾਈਟ ਦਾ ਵੀ ਵਿਸ਼ੇਸ਼ ਧਿਆਨ ਰੱਖਦੇ ਹਨ।
ਨੌਜਵਾਨਾਂ ਨੂੰ ਦਿੱਤਾ ਅਹਿਮ ਸੁਨੇਹਾ
ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਕੋਈ ਸੁਨੇਹਾ ਤਾਂ ਨਹੀਂ ਦੇਣਾ ਚਾਹੁੰਦੇ ਪਰ ਜਦੋਂ ਹੁਣ ਚਿੱਟੀਆਂ ਦਾੜ੍ਹੀਆਂ ਅਤੇ ਮੁੱਛਾਂ ਵਾਲੇ 50-50 ਸਾਲ ਦੇ ਜਵਾਨ ਉੱਠਣਗੇ ਤਾਂ ਨੌਜਵਾਨਾਂ ਨੂੰ ਖ਼ੁਦ ਹੀ ਸ਼ਰਮ ਆਵੇਗੀ ਅਤੇ ਉਹ ਆਪਣੇ ਸਰੀਰ ਵੱਲ ਧਿਆਨ ਦੇਣ ਲੱਗਣਗੇ।