ਚੰਡੀਗੜ੍ਹ: ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਬਲਬੀਰ ਨੂੰ ਸ਼ਨੀਵਾਰ ਨੂੰ ਆਪਣੇ ਘਰ ਤੋਂ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ, ਜਿਸ ਤੋਂ ਬਾਅਦ ਹਾਲਤ ਜ਼ਿਆਦਾ ਨਾਜ਼ੁਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮਸ਼ਹੂਰ ਹਾਕੀ ਖਿਡਾਰੀ ਦੇ ਪੋਤੇ ਕਬੀਰ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ। ਉਹ ਅਜੇ ਵੀ ਗੰਭੀਰ ਹਾਲਤ ਵਿੱਚ ਹਨ। ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਆਈਸੀਯੂ ਵਿੱਚ ਹਨ।
ਇਹ ਵੀ ਪੜ੍ਹੋ: ਜਦ ਵਾਨਖੇੜੇ 'ਚ ਰੋਹਿਤ ਹਾਰਦੇ ਹਨ ਟਾਸ ਤਾਂ ਟੀਮ ਇਸ ਤਰ੍ਹਾਂ ਕਰਦੀ ਹੈ ਵਿਵਹਾਰ!
95 ਸਾਲਾ ਬਲਬੀਰ ਨੂੰ ਪਿਛਲੇ ਸਾਲ ਵੀ ਸਾਹ ਦੀ ਪਰੇਸ਼ਾਨੀ ਕਾਰਨ ਪੀਜੀਆਈਐਮਆਰ, ਚੰਡੀਗੜ੍ਹ ਵਿਖੇ ਕਈ ਹਫ਼ਤੇ ਬਿਤਾਉਣੇ ਪਏ ਸਨ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਉਨ੍ਹਾਂ ਨੂੰ ਮਿਲਣ ਲਈ ਵੀ ਆਏ ਸਨ।
ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 2-3 ਦਿਨਾਂ ਤੋਂ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਸੀ। ਉਨ੍ਹਾਂ ਦੇ ਵੱਖ-ਵੱਖ ਅੰਗ ਵੀ ਪ੍ਰਭਾਵਿਤ ਹੋਏ ਹਨ ਅਤੇ ਸਥਿਤੀ ਜ਼ਿਆਦਾ ਚੰਗੀ ਨਹੀਂ ਹੈ।
ਦੱਸ ਦਈਏ ਕਿ ਬਲਬੀਰ ਸਿੰਘ ਸੀਨੀਅਰ ਉਸ ਭਾਰਤੀ ਟੀਮ ਦਾ ਹਿੱਸਾ ਸੀ ਜਿਸ ਨੇ ਲੰਡਨ ਓਲੰਪਿਕ-1948, ਹੇਲਸਿੰਕੀ ਓਲੰਪਿਕ-1952 ਅਤੇ ਮੈਲਬਰਨ ਓਲੰਪਿਕ-1956 ਵਿੱਚ ਸੋਨ ਤਮਗਾ ਜਿੱਤਿਆ ਸੀ। 1952 ਦੇ ਓਲੰਪਿਕ ਖੇਡਾਂ ਦੇ ਸੋਨੇ ਦੇ ਤਗਮੇ ਮੈਚ ਵਿੱਚ ਬਲਬੀਰ ਨੇ ਨੀਦਰਲੈਂਡਜ਼ ਵਿਰੁੱਧ 5 ਗੋਲ ਕੀਤੇ ਅਤੇ ਭਾਰਤ ਉਸ ਮੈਚ ਵਿੱਚ 6-1 ਨਾਲ ਜਿੱਤਿਆ ਸੀ।