ਮਸਕਟ (ਓਮਾਨ) : ਫ਼ੀਫ਼ਾ ਵਿਸ਼ਵ ਕੱਪ-2022 ਕੁਆਲੀਫ਼ਾਇਰ ਵਿੱਚ ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਟੀਮ ਆਪਣਾ ਅਗਲਾ ਮੈਚ ਮੰਗਲਵਾਰ ਨੂੰ ਇੱਥੇ ਅਲ ਸੀਬ ਸਟੇਡਿਅਮ ਵਿੱਚ ਮੇਜ਼ਬਾਨ ਓਮਾਨ ਵਿਰੁੱਧ ਖੇਡੇਗੀ। ਦੋਵੇਂ ਟੀਮਾਂ ਪਹਿਲਾਂ ਵੀ ਸਤੰਬਰ ਵਿੱਚ ਇੱਕ ਮੈਚ ਖੇਡ ਚੁੱਕੀਆਂ ਹਨ ਜਿਸ ਵਿੱਚ ਓਮਾਨ ਨੇ ਭਾਰਤ ਨੂੰ 2-1 ਨਾਲ ਹਰਾਇਆ ਸੀ। ਗਰੁੱਪ ਏ ਦੇ ਦੂਸਰੇ ਰਾਉਂਡ ਦੇ ਇਸ ਮੈਚ ਵਿੱਚ ਭਾਰਤ ਦੀ ਕੋਸ਼ਿਸ਼ ਓਮਾਨ ਤੋਂ ਪੁਰਾਣੀਹਾਰ ਦਾ ਬਦਲਾ ਲੈਣ ਦੇ ਨਾਲ ਹੀ ਕੁਆਲੀਫ਼ਾਇਰ ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕਰਨ ਦੀ ਹੋਵੇਗੀ।
ਭਾਰਤੀ ਟੀਮ ਦੇ ਕਪਤਾਨ ਛੇਤਰੀ ਨੇ ਹਾਲਾਂਕਿ ਓਮਾਨ ਤੋਂ ਪਿਛਲੀ ਹਾਰ ਦਾ ਬਦਲਾ ਲੈਣ ਦੀਆਂ ਗੱਲਾਂ ਨੂੰ ਨਕਾਰਿਆ ਹੈ। ਛੇਤਰੀ ਦਾ ਕਹਿਣਾ ਹੈ ਕਿ ਟੀਮ ਦੀ ਨਜਦ਼ਰ ਬਦਲਾ ਲੈਣ ਦੀ ਭਾਵਨਾ ਉੱਤੇ ਨਹੀਂ ਬਲਿਕ ਮੈਚ ਜਿੱਤਣ ਉੱਤੇ ਹੈ।
ਛੇਤਰੀ ਨੇ ਕਿਹਾ ਕਿ ਅਸੀਂ ਬਦਲਾ ਲੈਣ ਅਤੇ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚਦੇ ਹਾਂ। ਆਖ਼ਿਰ ਵਿੱਚ ਅੰਕ ਮਾਇਨੇ ਰੱਖਦੇ ਹਨ। ਇਹ ਕੁਆਲੀਫ਼ਾਇਰ ਮੁਕਾਬਲੇ ਹਨ ਅਤੇ ਸਾਡੇ ਦਿਮਾਗ ਵਿੱਚ ਇੱਕ ਹੀ ਚੀਜ਼ ਹੈ, ਉਹ ਇਹ ਕਿ ਅਸੀਂ ਮੈਦਾਨ ਉੱਤੇ ਉਤਰਣਾ ਹੈ ਅਤੇ ਨਤੀਜੇ ਹਾਸਲ ਕਰਨ ਲਈ ਆਪਣਾ ਸਰਵਸ਼੍ਰੇਠ ਦੇਣਾ ਹੈ। ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਵਧੀਆ ਕਰੀਏ, ਖ਼ਾਸਕਰ ਘਰ ਤੋਂ ਬਾਹਰ ਦੇ ਮੈਚਾਂ ਵਿੱਚ।