ਪਣਜੀ: ਭਾਰਤੀ ਫੁੱਟਬਾਲ ਵਿੱਚ ਸਿਰਫ਼ ਮੈਚ ਦੀ ਚਰਚਾ ਹੈ ਅਤੇ ਉਹ ਮੈਚ ਹੈ ਸ਼ੁੱਕਰਵਾਰ ਨੂੰ ਹੋਣ ਵਾਲਾ ਇੰਡੀਅਨ ਸੁਪਰ ਲੀਗ (ਆਈਐਸਐਲ) ਦੀ ਪਹਿਲੀ ਕੋਲਕਾਤਾ ਡਰਬੀ। ਇਹ ਸ਼ਾਇਦ ਲੰਘੇ ਕੁੱਝ ਸਾਲਾਂ ਵਿੱਚ ਸਭ ਤੋਂ ਅਹਿਮ ਕੋਲਕਾਤਾ ਡਰਬੀ ਹੈ, ਕਿਉਂਕਿ ਭਾਰਤੀ ਫੁੱਟਬਾਲ ਦਾ ਇਹ ਸਭ ਤੋਂ ਵੱਡਾ ਮੈਚ ਭਾਰਤ ਦੇ ਸਭ ਤੋਂ ਵੱਡੇ ਫੁੱਟਬਾਲ ਪਲੇਟਫ਼ਾਰਮ 'ਤੇ ਹੋ ਰਿਹਾ ਹੈ।
ਸਕਾਟਲੈਂਡ ਵਿੱਚ ਭਾਰਤ ਦੀ ਮਹਿਲਾ ਫ਼ੁਟਬਾਲ ਖਿਡਾਰਨ ਬਾਲਾ ਦੇਵੀ ਇੱਕ ਵੱਖਰਾ ਸੁਪਨਾ ਵੇਖ ਰਹੀ ਹੈ, ਜੋ ਕਿ ਏਟੀਕੇ ਮੋਹਨ ਬਾਗਾਨ ਅਤੇ ਐਸਸੀ ਈਸਟ ਬੰਗਾਲ ਵਿਚਕਾਰ ਹੋਣ ਵਾਲੀ ਮਹਿਲਾ ਡਰਬੀ ਦਾ ਹੈ। ਬਾਲਾ ਦੇਵੀ ਨੇ ਪਿੱਛੇ ਜਿਹੇ ਹੀ ਓਲਡ ਫਰਮ ਡਰਬੀ ਵਿੱਚ ਹਿੱਸਾ ਲਿਆ ਸੀ।
ਬਾਲਾ ਦੇਵੀ ਮੰਨਦੀ ਹੈ ਕਿ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਕਿ ਕੋਲਕਾਤਾ ਦੇ ਇਨ੍ਹਾਂ ਦੋ ਵੱਡੇ ਕਲੱਬਾਂ ਨੂੰ ਮਹਿਲਾ ਫੁੱਟਬਾਲ ਟੀਮ ਵੀ ਵਿਕਸਤ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਵਿਚਕਾਰ ਵੀ ਭਾਰਤ ਵਿੱਚ ਅਹਿਮ ਡਰਬੀ ਹੋਣੀ ਚਾਹੀਦੀ ਹੈ।
ਬਾਲਾ ਦੇਵੀ ਮੰਨਦੀ ਹੈ ਕਿ ਜਿਸ ਤਰ੍ਹਾਂ ਜਨੂੰਨ ਮਹਿਲਾ ਫੁੱਟਬਾਲ ਨੂੰ ਲੈ ਕੇ ਸਕਾਟਲੈਂਡ ਵਿੱਚ ਹੈ, ਉਹੀ ਮਾਹੌਲ ਭਾਰਤ ਵਿੱਚ ਵੀ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੋਲਕਾਤਾ ਦੀ ਮਹਿਲਾ ਡਰਬੀ ਭਾਰਤ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਤਿਆਰ ਕਰਨ ਵਿੱਚ ਕਾਮਯਾਬ ਹੋ ਸਕਦੀ ਹੈ।
ਪੇਸ਼ੇਵਰ ਫੁੱਟਬਾਲ ਲਈ ਕਰਾਰ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਫੁੱਟਬਾਲ ਖਿਡਾਰਨ ਬਾਲਾ ਨੇ ਕਿਹਾ, ''ਕੋਲਕਾਤਾ ਦੀਆਂ ਇਹ ਦੋ ਵੱਡੀਆਂ ਟੀਮਾਂ ਆਸਾਨੀ ਨਾਲ ਮਹਿਲਾ ਟੀਮਾਂ ਤਿਆਰ ਕਰ ਸਕਦੀਆਂ ਹਨ। ਉਥੋਂ ਦੀਆਂ ਖਿਡਾਰਣਾਂ ਵਿੱਚ ਇਹ ਕੁਦਰਤੀ ਪ੍ਰਤਿਭਾ ਹੈ।''