ਸਾਊਥੈਂਪਟਨ : ਭਾਰਤੀ ਕ੍ਰਿਕਟ ਟੀਮ ਨੇ ਇਥੇ ਰੋਜ ਬਾਊਲ ਵਿਖੇ ਖੇਡੇ ਜਾ ਰਹੇ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ) ਦੇ ਫਾਈਨਲ ਮੈਚ ਦੇ ਤੀਜੇ ਦਿਨ ਨਿਊਜ਼ੀਲੈਂਡ ਖਿਲਾਫ ਆਪਣੀ ਪਹਿਲੀ ਪਾਰੀ ਵਿੱਚ 217 ਦੌੜਾਂ ਬਣਾਈਆਂ। ਤੀਸਰੇ ਦਿਨ ਦਾ ਖੇਡ ਮੀਂਹ ਕਾਰਨ ਥੋੜ੍ਹੀ ਦੇਰ ਨਾਲ ਸ਼ੁਰੂ ਹੋਇਆ। ਭਾਰਤੀ ਟੀਮ ਨੇ ਦੁਪਹਿਰ ਦੇ ਖਾਣੇ ਤਕ ਸੱਤ ਵਿਕਟਾਂ ਲਈ 211 ਦੌੜਾਂ ਬਣਾਈਆਂ ਸਨ। ਦੁਪਹਿਰ ਦੇ ਖਾਣੇ ਤੋਂ ਬਾਅਦ ਸਾਰੀ ਟੀਮ 92.1 ਓਵਰਾਂ ਵਿੱਚ 217 ਦੌੜਾਂ ‘ਤੇ ਢੇਰ ਹੋ ਗਈ।
ਟੀਮ ਇੰਡੀਆ ਲਈ ਉਪ ਕਪਤਾਨ ਅਜਿੰਕਿਆ ਰਹਾਣੇ ਨੇ 117 ਗੇਂਦਾਂ ਵਿੱਚ ਪੰਜ ਚੌਕਿਆਂ ਦੀ ਮਦਦ ਨਾਲ 49 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਉਸ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਨੇ 132 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 44 ਦੌੜਾਂ ਬਣਾਈਆਂ।
ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ 34, ਸ਼ੁਭਮਨ ਗਿੱਲ ਨੇ 28, ਰਵੀਚੰਦਰਨ ਅਸ਼ਵਿਨ ਨੇ 22, ਰਵਿੰਦਰ ਜਡੇਜਾ ਨੇ 15, ਚੇਤੇਸ਼ਵਰ ਪੁਜਾਰਾ ਨੇ 8, ਰਿਸ਼ਭ ਪੰਤ ਨੇ 4, ਇਸ਼ਾਂਤ ਸ਼ਰਮਾ ਨੇ 4 ਅਤੇ ਮੁਹੰਮਦ ਸ਼ਮੀ ਨੇ ਨਾਬਾਦ 4 ਦੌੜਾਂ ਬਣਾਈਆਂ। ਜਸਪ੍ਰੀਤ ਬੁਮਰਾਹ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ।
ਇਹ ਵੀ ਪੜ੍ਹੋ:ਓਲੰਪਿਕ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਚੋਣ
ਨਿਊਜ਼ੀਲੈਂਡ ਲਈ ਕਾਇਲ ਜੈਮੀਸਨ ਨੇ 5 ਅਤੇ ਨੀਲ ਵੇਗਨਰ ਅਤੇ ਟ੍ਰੇਂਟ ਬੋਲਟ ਨੇ 2-2 ਵਿਕਟ ਲਏ ਜਦਕਿ ਟਿਮ ਸਾਊਥੀ ਨੇ ਇਕ ਵਿਕਟ ਹਾਸਲ ਕੀਤੀ।