ਅਬੂ ਧਾਬੀ: ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਵੀਰਵਾਰ ਨੂੰ ਕਿਹਾ ਕਿ ਉਹ ਟੀਮ ਪ੍ਰਬੰਧਨ ਨਾਲ ਵਾਧੂ ਗੇਂਦਬਾਜ਼ਾਂ ਦੇ ਖੇਡਣ ਨੂੰ ਲੈ ਕੇ ਵਿਚਾਰ ਚਰਚਾ ਕਰਨਗੇ।
ਰਾਹੁਲ ਨੇ ਇਹ ਬਿਆਨ ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਖਿਲਾਫ਼ 48 ਦੌੜਾਂ ਦੀ ਹਾਰ ਤੋਂ ਬਾਅਦ ਦਿੱਤਾ। ਰਾਹੁਲ ਨੇ ਕਿਹਾ ਕਿ ਮੈਂ ਇਹ ਨਹੀਂ ਕਹਾਂਗਾ ਕਿ ਮੈਂ ਘਬਰਾ ਗਿਆ ਹਾਂ ਪਰ ਹਾਂ, ਨਿਰਾਸ਼ਾ ਹੈ। ਅਸੀਂ ਹੁਣ ਗਲਤੀਆਂ ਕੀਤੀਆਂ ਹਨ ਅਤੇ ਜ਼ਰੂਰੀ ਹੈ ਕਿ ਅਸੀਂ ਜ਼ੋਰਦਾਰ ਤਰੀਕੇ ਨਾਲ ਵਾਪਸੀ ਕਰੀਏ।
ਉਸ ਨੇ ਕਿਹਾ, “ਨਵੀਂ ਗੇਂਦ ਨਾਲ ਵਿਕਟ ਚੰਗੀ ਲੱਗ ਰਹੀ ਸੀ। ਮੈਨੂੰ ਨਹੀਂ ਪਤਾ ਕਿ ਇਹ ਕਦੋਂ ਧੀਮੀ ਹੋਈ। ਇੱਕ ਹੋਰ ਗੇਂਦਬਾਜ਼ ਦਾ ਵਿਕਲਪ ਹੋਣਾ ਬਿਹਤਰ ਹੁੰਦਾ। ਇੱਕ ਆਲਰਾਊਂਡਰ ਜੋ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵੇਂ ਕਰ ਸਕਦਾ ਸੀ। ਕੋਚ ਦੇ ਨਾਲ ਬੈਠਕੇ ਇਹ ਫੈਸਲਾ ਕਰੇਗਾ ਕਿ ਵਾਧੂ ਗੇਂਦਬਾਜ਼ ਨਾਲ ਖੇਡਿਆ ਜਾਵੇ ਜਾਂ ਨਾਂ। "
ਉਨ੍ਹਾਂ ਕਿਹਾ ਕਿ ਅਸੀਂ ਚਾਰ ਵਿੱਚੋਂ ਤਿੰਨ ਮੈਚ ਜਿੱਤ ਸਕਦੇ ਸੀ। ਅਸੀਂ ਇਸ ਮੈਚ ਵਿੱਚ ਕੁਝ ਗਲਤੀਆਂ ਕੀਤੀਆਂ। ਉਮੀਦ ਹੈ ਕਿ ਅਸੀਂ ਅਗਲੇ ਮੈਚਾਂ ਵਿੱਚ ਚੰਗਾ ਖੇਡਾਂਗੇ। ਇੱਕ ਹੋਰ ਗੇਂਦਬਾਜ਼ ਦੀ ਜ਼ਰੂਰਤ ਹੈ ਜਾਂ ਇੱਕ ਆਲਰਾਊਂਡਰ ਜੋ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰ ਸਕਦਾ ਹੈ। ਅਸੀਂ ਕੋਚਾਂ ਨਾਲ ਮਿਲ ਕੇ ਫ਼ੈਸਲਾ ਕਰਾਂਗੇ।
ਰਾਹੁਲ ਨੇ ਮੈਚ ਦੇ ਦੌਰਾਨ ਆਪਣੇ ਓਪਨਰ ਸਾਥੀ ਮਯੰਕ ਅਗਰਵਾਲ ਤੋਂ ਵੀ ਓਰੇਂਜ ਕੈਪ ਗੁਆ ਦਿੱਤੀ। ਅਗਰਵਾਲ ਨੇ ਓਰੇਂਜ ਕੈਪ ਦੀ ਦੌੜ ਵਿੱਚ ਰਾਹੁਲ ਨੂੰ ਪਛਾੜ ਦਿੱਤਾ। ਮਯੰਕ ਨੇ 4 ਮੈਚਾਂ ਵਿੱਚ 166.21 ਦੀ ਸਟ੍ਰਾਈਕ ਰੇਟ ਨਾਲ 246 ਦੌੜਾਂ ਬਣਾਈਆਂ ਹਨ ਜਦੋਂਕਿ ਰਾਹੁਲ ਨੇ 4 ਮੈਚਾਂ ਵਿੱਚ 148.44 ਦੇ ਸਟ੍ਰਾਈਕ ਰੇਟ ਨਾਲ 239 ਦੌੜਾਂ ਬਣਾਈਆਂ ਹਨ।