ਕਰਾਚੀ: ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੂੰ ਅਕਸਰ ਹੀ ਭਾਰਤ ਖਿਲਾਫ ਬੋਲਣ ਲਈ ਜਾਣਿਆ ਜਾਂਦਾ ਹੈ ਅਤੇ ਇਹੀ ਕਾਰਨ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨਾਲ ਲੜ ਵੀ ਪੈਂਦੇ ਹਨ। ਹਾਲ ਹੀ ਵਿੱਚ, ਉਨ੍ਹਾਂ ਕਸ਼ਮੀਰ ਬਾਰੇ ਆਪਣੇ ਵਿਚਾਰ ਦਿੱਤੇ ਸਨ, ਜਿਸ ਕਾਰਨ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਨੇ ਕਿਹਾ ਸੀ ਕਿ ਉਹ ਅਫਰੀਦੀ ਨਾਲ ਕੋਈ ਸੰਪਰਕ ਨਹੀਂ ਰੱਖਣਗੇ।
ਪਾਕਿਸਤਾਨੀ ਮੀਡੀਆ ਨੇ ਅਫਰੀਦੀ ਦੇ ਹਵਾਲੇ ਨਾਲ ਲਿਖਿਆ, "ਹਰੇਕ ਨੂੰ ਸੱਚ ਬੋਲਣਾ ਚਾਹੀਦਾ ਹੈ, ਚਾਹੇ ਜੋ ਵੀ ਹੋਵੇ। ਮੇਰਾ ਮੰਨਣਾ ਹੈ ਕਿ ਮਾਨਵਤਾ ਹਰ ਚੀਜ ਤੋਂ ਉਪਰ ਹੈ, ਇਸ ਲਈ ਮੈਂ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਪਿੱਛੇ ਨਹੀਂ ਹਟਦਾ ਭਾਵੇਂ ਇਸ ਵਿੱਚ ਭਾਰਤ ਹੀ ਕਿਉਂ ਨਾ ਸ਼ਾਮਲ ਹੋਵੇ।"
ਅਫਰੀਦੀ ਨੇ ਆਪਣੇ ਦੇਸ਼ ਦੀ ਸੀਮਤ ਓਵਰਾਂ ਦੀ ਟੀਮ ਦੇ ਕਪਤਾਨ ਬਾਬਰ ਆਜ਼ਮ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਜਲਦੀ ਹੀ ਆਪਣੇ ਦਮ ‘ਤੇ ਮੈਚ ਜਿੱਤਣ ਲੱਗ ਪੈਣਗੇ।
ਸਾਬਕਾ ਲੈੱਗ ਸਪਿਨਰ ਨੇ ਕਿਹਾ, “ਬਾਬਰ ਆਜ਼ਮ ਪਾਕਿਸਤਾਨ ਦੀ ਟੀਮ ਦੀ ਰੀੜ੍ਹ ਦੀ ਹੱਡੀ ਹਨ ਅਤੇ ਮੈਨੂੰ ਨਹੀਂ ਲਗਦਾ ਕਿ ਵਿਰਾਟ ਕੋਹਲੀ ਨਾਲ ਤੁਲਨਾ ਹੋਣ ‘ਤੇ ਉਹ ਦਬਾਅ ਮਹਿਸੂਸ ਕਰਨਗੇ। ਮੈਨੂੰ ਉਮੀਦ ਹੈ ਕਿ ਬਾਬਰ ਜਲਦੀ ਹੀ ਇਕੱਲੇ ਆਪਣੇ ਦਮ ‘ਤੇ ਪਾਕਿਸਤਾਨ ਲਈ ਮੈਚ ਜਿੱਤਣਾ ਸ਼ੁਰੂ ਕਰ ਦੇਵੇਗਾ।”