ਦੁਬਈ : ਆਸਟਰੇਲੀਆ ਦੀ ਐਲਿਸ ਪੈਰੀ ਆਈਸੀਸੀ ਮਹਿਲਾ ਟੀ-20 ਰੈਂਕਿੰਗ ਵਿਚ ਅਵੱਲ ਆਲਰਾਊਂਡਰ ਬਣ ਗਈ ਹੈ। ਪੈਰੀ ਨੇ ਇੰਗਲੈਂਡ ਖਿਲਾਫ਼ ਤਾਜ਼ੀ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਟੀਮ ਨੂੰ 2-1 ਨਾਲ ਜਿੱਤ ਦਵਾਉਣ ਵਿਚ ਸਹਾਇਤਾ ਕੀਤੀ।
ਆਸਟਰੇਲੀਆ ਦੀ ਇਸ ਖਿਡਾਰੀ ਨੇ ਸੀਰੀਜ਼ ਵਿਚ ਕੁੱਲ 114 ਦੌੜਾਂ ਬਣਾਈਆਂ ਜਿਸ ਵਿਚ ਫਾਈਨਲ ਮੈਚ ਵਿਚ ਖੇਡੀ ਗਈ 60 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ। ਉਸ ਨੇ ਕ੍ਰਮ ਦੇ ਪਹਿਲੇ ਸਥਾਨ 'ਤੇ ਵੈਸਟਇੰਡੀਜ਼ ਦੀ ਸਟੀਫਨੀ ਟੇਲਰ ਦੀ ਜਗ੍ਹਾ ਲਈ ਹੈ। ਪੈਰੀ ਇਸ ਸਮੇਂ ਟੇਲਰ ਤੋਂ 12 ਅੰਕ ਅੱਗੇ ਹੈ। ਉਸਨੇ ਕੁੱਲ 398 ਅੰਕ ਪ੍ਰਾਪਤ ਕੀਤੇ ਹਨ, ਜੋ ਕਿ ਉਸ ਦੇ ਕਰੀਅਰ ਦੇ ਹੁਣ ਤੱਕ ਦੇ ਸਭ ਤੋਂ ਵੱਧ ਅੰਕ ਹੈ। ਉਹ ਅਕਤੂਬਰ 2017 ਤੋਂ ਬਾਅਦ ਪਹਿਲੀ ਵਾਰ ਪਹਿਲੇ ਨੰਬਰ 'ਤੇ ਪਹੁੰਚੀ ਹੈ।
ਆਸਟਰੇਲੀਆ ਦੀ ਕਪਤਾਨ ਮੇਗ ਲੈਨਿੰਗ ਨੇ ਵੀਰਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ਵਿਚ ਸਭ ਤੋਂ ਵੱਧ ਲਾਭ ਹੋਇਆ ਹੈ। ਲੈਨਿੰਗ ਨੇ ਲੜੀ ਵਿਚ 178 ਦੌੜਾਂ ਬਣਾਈਆਂ ਸਨ ਜਿਸ ਕਰਕੇ ਉਹ ਦੋ ਸਥਾਨ ਉੱਪਰ ਚੜ੍ਹ ਕੇ ਦੂਜੇ ਸਥਾਨ 'ਤੇ ਪਹੁੰਚ ਗਈ। ਉਸਨੇ ਮੈਚ ਵਿੱਚ 133 ਦੌੜਾਂ ਦੀ ਧਮਾਕੇਦਾਰ ਪਾਰੀ ਵੀ ਖੇਡੀ ਸੀ।