ਲੰਡਨ: ਅਗਲੇ ਹਫ਼ਤੇ ਤੋਂ ਇੰਗਲੈਂਡ ਵਿੱਚ ਹੋਣ ਵਾਲੀਆਂ ਖੇਡਾਂ ਲਈ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਲਾਈਵ ਮੈਚ ਵੇਖਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇੰਗਲੈਂਡ ਦੀ ਯੋਜਨਾ ਹੈ ਕਿ ਅਕਤੂਬਰ ਮਹੀਨੇ ਵਿੱਚ ਸਟੇਡੀਅਮਾਂ ਨੂੰ ਪੂਰੇ ਤਰੀਕੇ ਨਾਲ ਖੋਲ੍ਹ ਦਿੱਤਾ ਜਾਵੇ, ਪਰ ਉਸ ਤੋਂ ਪਹਿਲਾਂ ਉਹ ਚਾਹੁੰਦੇ ਹਨ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦਾ ਟੈਸਟ ਕੀਤਾ ਜਾਵੇ।
26 ਅਤੇ 27 ਜੁਲਾਈ ਨੂੰ ਮਾਰਚ ਤੋਂ ਬਾਅਦ ਘਰੇਲੂ ਕ੍ਰਿਕਟ ਦਾ ਪਹਿਲਾ ਸਮਾਗਮ ਹੋਵੇਗਾ, ਜਿਸ ਵਿੱਚ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਜਾਣ ਦੀ ਮਨਜੂਰੀ ਦਿੱਤੀ ਜਾਵੇਗੀ। ਸ਼ੈਫੀਲਡ ਵਿੱਚ ਵਰਲਡ ਸਨੂਕਰ ਚੈਂਪੀਅਨਸ਼ਿਪ ਵੀ 31 ਜੁਲਾਈ ਤੋਂ ਸ਼ੁਰੂ ਹੋਵੇਗੀ। ਇਸ ਵਿੱਚ ਵੀ ਦਰਸ਼ਕਾਂ ਨੂੰ ਲਾਈਵ ਮੈਚ ਵੇਖਣ ਦੀ ਮਨਜ਼ੂਰੀ ਹੋਵੇਗੀ।
ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਬੈਰੀ ਜਰਮਨ ਦਾ 84 ਸਾਲ ਦੀ ਉਮਰ 'ਚ ਹੋਇਆ ਦੇਹਾਂਤ
ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸ਼ੁੱਕਰਵਾਰ ਨੂੰ ਕਿਹਾ, "ਅਕਤੂਬਰ ਤੋਂ ਅਸੀਂ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਲਿਆਉਣਾ ਚਾਹੁੰਦੇ ਹਾਂ। ਇੱਕ ਵਾਰ ਟੈਸਟ ਲਈ ਖੋਲ੍ਹਣ ਮਗਰੋਂ ਸ਼ੁਰੂਆਤੀ ਸਫ਼ਲ ਨਤੀਜਿਆਂ ਤੋਂ ਬਾਅਦ ਹੀ ਅੱਗੇ ਦਾ ਫ਼ੈਸਲਾ ਲਿਆ ਜਾਵੇਗਾ।"
ਸਟੇਡੀਅਮ ਦੀ ਸਮਰੱਥਾ 'ਤੇ ਅਜੇ ਵੀ ਪਾਬੰਦੀ ਰਹੇਗੀ। ਸਟੇਡੀਅਮ ਵਿੱਚ ਦਾਖ਼ਲ ਹੋਣ ਲਈ ਸਮਾਜਿਕ ਦੂਰੀ ਅਤੇ ਵਨ-ਵੇਅ ਪ੍ਰਣਾਲੀ ਜ਼ਰੂਰੀ ਹੋਵੇਗੀ। ਖਾਣਾ, ਚੀਜ਼ਾਂ ਦੀ ਖਰੀਦਾਰੀ ਜਾਂ ਸੱਟੇਬਾਜ਼ੀ ਲਈ ਬੈਰੀਅਰ ਜਾਂ ਸਕ੍ਰੀਨਾਂ ਸਥਾਪਿਤ ਕੀਤੀਆਂ ਜਾਣਗੀਆਂ।