ਕੈਨਬਰਾ: ਕ੍ਰਿਕਟ ਆਸਟ੍ਰੇਲੀਆ ਨੇ ਵੈਸਟਇੰਡੀਜ਼ ਖ਼ਿਲਾਫ਼ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਪ੍ਰਸਤਾਵਿਤ 3 ਮੈਚਾਂ ਦੀ ਟੀ-20 ਲੜੀ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਮੰਗਲਵਾਰ ਸਵੇਰੇ ਦੋਹਾਂ ਬੋਰਡਾਂ ਵਿਚਾਲੇ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ।
ਤਿੰਨ ਮੈਚਾਂ ਦੀ ਲੜੀ ਕ੍ਰਮਵਾਰ: 4, 6 ਅਤੇ 9 ਅਕਤੂਬਰ ਨੂੰ ਟਾਉਂਸਵਿਲੇ, ਕੈਰਨਜ਼ ਅਤੇ ਗੋਲਡ ਕੋਸਟ ਵਿੱਚ ਖੇਡੀ ਜਾਣੀ ਸੀ। ਇਹ ਲੜੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੇਡੀ ਜਾਣੀ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ, ਹੁਣ ਇਹ ਵਿਸ਼ਵ ਕੱਪ ਵੀ 2021 ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਵੈਸਟਇੰਡੀਜ਼ ਦੀ ਟੀ-20 ਲੜੀ ਦੇ ਰੱਦ ਹੋਣ ਕਾਰਨ ਗੋਲਡ ਕੋਸਟ 'ਤੇ ਬਿੱਲ ਪਿਪਨ ਓਵਲ ਸਟੇਡੀਅਮ ਦਾ ਅੰਤਰਰਾਸ਼ਟਰੀ ਡੈਬਿਊ ਰੁਕ ਗਿਆ ਹੈ। ਇਸ ਤੋਂ ਇਲਾਵਾ, ਕੇਰਨਜ਼ ਦੇ ਕੈਜਾਈਲ ਸਟੇਡੀਅਮ ਨੂੰ ਵੀ ਇੱਕ ਅੰਤਰਰਾਸ਼ਟਰੀ ਮੈਚ ਦੀ ਮੇਜ਼ਬਾਨੀ ਕਰਨ ਦੇ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਸਟੇਡੀਅਮ ਵਿੱਚ ਆਖ਼ਰੀ ਵਾਰ 16 ਸਾਲ ਪਹਿਲਾਂ ਆਸਟ੍ਰੇਲੀਆ ਬਨਾਮ ਸ਼੍ਰੀਲੰਕਾ ਟੈਸਟ ਦੀ ਮੇਜ਼ਬਾਨੀ ਕੀਤੀ ਗਈ ਸੀ।