ਨਵੀਂ ਦਿੱਲੀ: ਵਿਸ਼ਵ ਭਰ ਵਿੱਚ ਕ੍ਰਿਕੇਟ ਪ੍ਰੇਮੀ ਸੋਸ਼ਲ ਮੀਡੀਆ ਉੱਤੇ ਆਸਟ੍ਰੇਲੀਆ ਦੇ ਮਰਹੂਮ ਕ੍ਰਿਕੇਟਰ ਫਿਲਿਪ ਹਿਊਜ ਨੂੰ ਸ਼ਰਧਾਂਜਲੀ ਦੇ ਰਹੇ ਹਨ ਜਿਸ ਦੀ ਸਾਲ 2014 ਵਿੱਚ ਸਿਰ ਵਿੱਚ ਗੇਂਦ ਲੱਗਣ ਕਾਰਨ ਮੌਤ ਹੋ ਗਈ ਸੀ। ਉਸ ਦੀ ਉਮਰ ਸਿਰਫ਼ 25 ਸਾਲ ਸੀ।
ਆਸਟ੍ਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੇ ਇੰਸਟਾਗ੍ਰਾਮ ਉੱਤੇ ਹਿਊਜ ਦੀ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਹਿਊਜ ਨੂੰ ਯਾਦ ਕੀਤਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਕ੍ਰਿਕੇਟਰ ਅਤੇ ਕ੍ਰਿਕੇਟ ਪ੍ਰੇਮੀਆਂ ਨੇ ਟਵੀਟ ਉੱਤੇ ਪੋਸਟ ਸ਼ੇਅਰ ਕਰਕੇ ਹਿਊਜ ਨੂੰ ਯਾਦ ਕੀਤਾ। ਟਵਿੱਟਰ ਉੱਤੇ ਇਸ ਸਮੇਂ ਹੈਸ਼ਟੈਗ 63 ਨਾਟ ਆਊਟ ਟ੍ਰੈਂਡ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ 24 ਨਵੰਬਰ 2014 ਨੂੰ ਇੱਕ ਘਰੇਲੂ ਮੈਚ ਦੌਰਾਨ ਸੀਨ ਐਬਾ ਦਾ ਇੱਕ ਬਾਊਂਸਰ ਹਿਊਜ ਦੇ ਸਿਰ ਉੱਤੇ ਲੱਗਿਆ, ਹਾਲਾਂਕਿ ਉਸ ਨੇ ਹੈਲਮੇਟ ਪਾਇਆ ਹੋਇਆ ਸੀ ਪਰ ਫਿਰ ਵੀ ਉਸ ਦੀ ਗਰਦਨ ਉੱਤੇ ਗੇਂਦ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ।
ਗੰਭੀਰ ਹਾਲਤ ਵਿੱਚ ਉਸ ਨੂੰ ਸਟਰੈਚਰ ਉੱਤੇ ਮੈਦਾਨ ਵਿੱਚੋਂ ਬਾਹਰ ਲਿਆਂਦਾ ਗਿਆ। ਉਹ ਲਗਭਗ 3 ਦਿਨ ਸਿਡਨੀ ਦੇ ਇੱਕ ਹਸਪਤਾਲ ਵਿੱਚ ਕੋਮਾ ਵਿੱਚ ਰਿਹਾ ਅਤੇ ਫਿਰ 27 ਨਵੰਬਰ 2014 ਨੂੰ ਉਸ ਦਾ ਦੇਹਾਂਤ ਹੋ ਗਿਆ। 30 ਨਵੰਬਰ ਨੂੰ ਫਿਲਿਪ ਹਿਊਜ ਦਾ ਜਨਮ ਦਿਨ ਸੀ। ਫਿਲਿਪ ਨੇ ਛੋਟੀ ਉਮਰ ਵਿੱਚ ਹੀ ਕ੍ਰਿਕੇਟ ਜਗਤ ਵਿੱਚ ਆਪਣੀ ਪਛਾਣ ਬਣਾ ਲਈ ਸੀ।