ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਪੜਤਾਲ ਕਰਨ ਮੁੰਬਈ ਪਹੁੰਚੇ ਪਟਨਾ ਦੇ ਸਿਟੀ ਐਸਪੀ ਵਿਨੇ ਤਿਵਾਰੀ ਨੂੰ 14 ਦਿਨਾਂ ਲਈ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਮੁੰਬਈ ਹਵਾਈਅੱਡੇ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਇਕੱਠੇ ਕੀਤੇ ਗਏ ਸਬੂਤਾਂ ਸੰਬੰਧੀ ਜਾਣਕਾਰੀ ਵੀ ਲਈ।
ਰਾਤ ਕਰੀਬ 11 ਵਜੇ ਬੀਐਮਸੀ ਦੀ ਟੀਮ ਨੇ ਕੋਰੋਨਾ ਮਹਾਂਮਾਰੀ ਦੇ ਚਲਦੇ ਸਿਟੀ ਐਸਪੀ ਨੂੰ ਏਕਾਂਤਵਾਸ ਦਾ ਹਵਾਲਾ ਦੇ ਉਨ੍ਹਾਂ ਦੇ ਹੱਥ 'ਤੇ ਮੋਹਰ ਲਾ ਦਿੱਤੀ। ਇਸ ਘਟਨਾ 'ਤੇ ਬਿਹਾਰ ਪੁਲਿਸ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਆਪਣੇ ਅਧਿਕਾਰਕ ਟਵੀਟਰ ਹੈਂਡਲ ਤੋਂ ਵਿਨੇ ਤਿਵਾਰੀ ਨੂੰ ਜ਼ਬਰਨ ਏਕਾਂਤਵਾਸ ਕਰਨ ਦਾ ਜ਼ਿਕਰ ਕੀਤਾ ਹੈ।
ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਵੀ ਇਸ ਮਾਮਲੇ ਦੀ ਜਾਂਚ ਕਰਨ ਮੁੰਬਈ ਪਹੁੰਚੇ ਐਸਪੀ ਤਿਵਾਰੀ ਨੂੰ ਕੁਆਰੰਟੀਨ ਕੀਤੇ ਜਾਣ ਦੀ ਨਿਖੇਦੀ ਕੀਤੀ ਅਤੇ ਟਵੀਟ ਕਰ ਕਿਹਾ ਕਿ "ਜੋ ਵੀ ਹੋਇਆ ਉਹ ਠੀਕ ਨਹੀਂ ਹੈ। ਇਹ ਰਾਜਨੀਤਕ ਨਹੀਂ ਹੈ, ਬਿਹਾਰ ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਾਡੇ ਡੀਜੀਪੀ ਉਨ੍ਹਾਂ ਨਾਲ ਗੱਲ ਕਰਨਗੇ।"
ਮੁੱਖ ਮੰਤਰੀ ਦੇ ਇਸ ਟਵੀਟ ਅਤੇ ਬਿਹਾਰ ਪੁਲਿਸ ਵੱਲੋਂ ਇਸ ਮਾਮਲੇ 'ਤੇ ਲਗਾਤਾਰ ਸਵਾਲ ਕੀਤੇ ਜਾਣ 'ਤੇ ਬੀਐਮਸੀ ਨੇ ਇਸ ਘਟਨਾ 'ਤੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਬੀਐਮਸੀ ਨੇ ਸਫ਼ਾਈ ਦਿੰਦਿਆ ਕਿਹਾ ਕਿ ਪ੍ਰਸ਼ਾਸਨ ਨੂੰ ਬਿਹਾਰ ਪੁਲਿਸ ਦੇ ਇੱਕ ਅਧਿਕਾਰੀ ਦੇ ਆਉਣ ਦੀ ਜਾਣਕਾਰੀ ਮਿਲੀ ਸੀ। ਘਰੇਲੂ ਹਵਾਈ ਯਾਤਰੀ ਹੋਣ ਕਾਰਨ ਉਨ੍ਹਾਂ ਨੂੰ 25 ਮਈ ਨੂੰ ਰਾਜ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਸੂਚਨਾ ਅਨੁਸਾਰ ਹੋਮ ਕੁਆਰੰਟੀਨ ਕੀਤਾ ਗਿਆ ਹੈ।
ਬੀਐਮਸੀ ਦੇ ਅਧਿਕਾਰੀ ਨੇ ਕਿਹਾ ਤਿਵਾਰੀ 'ਤੇ ਕੁਆਰੰਟੀਨ ਦੇ ਇਹ ਨਿਯਮ 15 ਅਗਸਤ ਤਕ ਲਾਗੂ ਰਹਿਣਗੇ। ਉਨ੍ਹਾਂ ਤਿਵਾਰੀ ਨੂੰ ਹੋਮ ਕੁਆਰੰਟੀਨ ਦਾ ਸਮਾਂ ਘਟਾਉਣ ਲਈ ਅਪੀਲ ਕਰਨ ਦੀ ਵੀ ਗੱਲ ਆਖੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਨਿਯਮ ਹਰ ਇੱਕ ਘਰੇਲੂ ਯਾਤਰੀ 'ਤੇ ਲਾਗੂ ਹੁੰਦੇ ਹਨ।