ਚੰਡੀਗੜ੍ਹ: ਗੈਂਗਸਟਰ ਸੁੱਖਾ ਕਾਹਲਵਾਂ ਦੀ ਜਿੰਦਗੀ 'ਤੇ ਆਧਾਰਿਤ ਫ਼ਿਲਮ 'ਸ਼ੂਟਰ' ਦੇ ਪ੍ਰੋਡਿਊਸਰ ਕੇਵੀ ਢਿੱਲੋਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ IPC ਦੀ ਧਾਰਾ 153, 153A,153B, 160, 107, 505 ਤਹਿਤ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ 'ਸ਼ੂਟਰ' 'ਤੇ ਕੈਪਟਨ ਅਮਰਿੰਦਰ ਨੇ ਪਾਬੰਦੀ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਸਨ।
ਹੋਰ ਪੜ੍ਹੋ: 'ਆਸਕਰ 2020' ਵਿੱਚ ਨਹੀਂ ਪਹੁੰਚ ਸਕੀ ਪ੍ਰਿਯੰਕਾ ਚੋਪੜਾ, ਸਾਂਝੀਆਂ ਕੀਤੀਆਂ ਪੁਰਾਣੀਆਂ ਆਸਕਰ ਦੀਆਂ ਤਸਵੀਰਾਂ
ਜ਼ਿਕਰਯੋਗ ਹੈ ਕਿ ਕੁਝ ਸਮੇਂ ਬਾਅਦ ਹੀ ਫ਼ਿਲਮ ਦੇ ਨਿਰਮਾਤਾ ਅਤੇ ਪ੍ਰੋਮੋਟਰ ਕੇਵੀ ਢਿੱਲੋਂ ਵਿਰੁੱਧ ਮੋਹਾਲੀ ਵਿੱਚ ਐੱਫਆਈਆਰ ਦਰਜ ਹੋ ਗਈ। ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਫ਼ਿਲਮ 'ਸ਼ੂਟਰ' ਨੌਜਵਾਨਾਂ ਨੂੰ ਭੜਕਾ ਸਕਦੀ ਹੈ ਅਤੇ ਹਥਿਆਰ ਚੁੱਕਣ 'ਤੇ ਮਜ਼ਬੂਰ ਕਰ ਸਕਦੀ ਹੈ, ਜਿਸ ਕਰਕੇ ਸ਼ਾਂਤੀ ਨੂੰ ਖ਼ਤਰਾ ਹੈ।
ਦੱਸ ਦਈਏ ਕਿ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਨੇ ਕਾਹਲਵਾਂ ਨੂੰ 21 ਜਨਵਰੀ 2015 ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ। ਕਾਹਲਵਾਂ ਨੂੰ ਜਲੰਧਰ 'ਚ ਇੱਕ ਕੇਸ ਦੀ ਸੁਣਵਾਈ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ। ਕਾਹਲਵਾਂ ਉੱਪਰ ਕਤਲ, ਅਗਵਾ ਤੇ ਫਿਰੌਤੀ ਵਰਗੇ ਕਈ ਮਾਮਲੇ ਚੱਲ ਰਹੇ ਸਨ।
ਇਸ ਫ਼ਿਲਮ ਵਿੱਚ 20 ਸਾਲਾ ਸੁੱਖਾ ਕਾਹਲਵਾਂ ਦਾ ਕਿਰਦਾਰ ਅਦਾਕਾਰ ਜੈ ਰੰਧਾਵਾ ਨੇ ਨਿਭਾਇਆ ਹੈ। ਫ਼ਿਲਮ ਦੇ ਟ੍ਰੇਲਰ ਵਿੱਚ ਜੈ ਰੰਧਾਵਾ (ਸੁੱਖਾ ਕਾਹਲਵਾਂ) ਲੋਕਾਂ ਤੇ ਪੁਲਿਸ ਵਾਲਿਆਂ 'ਤੇ ਗੋਲੀਆਂ ਚਲਾਉਂਦਾ ਤੇ ਗਾਲਾਂ ਕੱਢਦਾ ਹੈ। 18 ਜਨਵਰੀ ਨੂੰ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ ।