ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਨੇ ਇੱਕ ਟਵੀਟ ਕਰਦੇ ਹੋਏ ਵੈਬ ਸੀਰੀਜ਼ 'ਮਿਰਜ਼ਾਪੁਰ-2' ਬਣਾਉਣ ਵਾਲਆਂ ਅਤੇ ਬਾਲੀਵੁੱਡ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।
ਦਰਅਸਲ, ਨਿਕਿਤਾ ਤੋਮਰ ਕਤਲ ਕੇਸ ਵਿੱਚ ਇੱਕ ਮਹੱਤਵਪੂਰਨ ਪੋਰਟਲ ਦੀ ਰਿਪੋਰਟ ਅਨੁਸਾਰ ਪਤਾ ਲੱਗਿਆ ਹੈ ਕਿ ਦੋਸ਼ੀ 'ਮਿਰਜ਼ਾਪੁਰ-2' ਦੇ ਇੱਕ ਪਾਤਰ ਤੋਂ ਪ੍ਰਭਾਵਿਤ ਸੀ, ਜਿਹੜਾ ਲੜਕੀ ਦੇ ਨਾ ਮੰਨਣ 'ਤੇ ਉਸਨੂੰ ਕਤਲ ਕਰ ਦਿੰਦਾ ਹੈ।
ਰਿਪੋਰਟ ਅਨੁਸਾਰ, ਦੋਸ਼ੀ ਤੌਸੀਫ਼ ਨੇ ਪੁਲਿਸ ਅੱਗੇ ਇਹ ਗੱਲ ਕਬੂਲੀ ਹੈ ਕਿ ਉਹ ਮੁੰਨਾ ਦੇ ਪਾਤਰ ਤੋਂ ਪ੍ਰਭਾਵਿਤ ਸੀ ਅਤੇ ਇਸ ਲਈ ਇਨਕਾਰ ਕਰਨ 'ਤੇ ਉਸ ਨੇ ਨਿਕਿਤਾ ਨੂੰ ਗੋਲੀ ਮਾਰ ਦਿੱਤੀ।
ਇਸ 'ਤੇ ਕੰਗਣਾ ਨੇ ਇੱਕ ਟਵੀਟ ਕਰਦੇ ਲਿਖਿਆ, ''ਇਹੀ ਹੁੰਦਾ ਹੈ ਜਦੋਂ ਤੁਸੀ ਦੋਸ਼ੀਆਂ ਦਾ ਗੁਣਗਾਨ ਕਰਦੇ ਹੋ। ਜਦੋਂ ਨਕਾਰਾਤਮਕ ਅਤੇ ਡਾਰਕ ਪਾਤਰਾਂ ਨੂੰ ਚੰਗਾ ਵਿਖਾਉਣ ਲਈ ਨੌਜਵਾਨ ਨਿਭਾਉਂਦੇ ਹਨ ਤਾਂ ਉਨ੍ਹਾਂ ਨੂੰ ਵਿਰੋਧੀ ਹੀਰੋ ਵਿਖਾਇਆ ਜਾਂਦਾ ਹੈ, ਇੱਕ ਵਿਲੇਨ ਦੇ ਰੂਪ ਵਿੱਚ ਪੇਸ਼ ਨਹੀਂ ਕੀਤਾ ਜਾਂਦਾ ਤਾਂ ਨਤੀਜਾ ਇਹ ਨਿਕਲਦਾ ਹੈ। ਬਾਲੀਵੁੱਡ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਹਮੇਸ਼ਾ ਹੀ ਭਲਾਈ ਤੋਂ ਜ਼ਿਆਦਾ ਨੁਕਸਾਨ ਕਰਦਾ ਆਇਆ ਹੈ।''
ਦੱਸ ਦਈਏ, ਹੁਣੇ ਜਿਹੇ ਹਰਿਆਣਾ ਦੇ ਬੱਲਭਗੜ੍ਹ ਵਿੱਚ ਬੀਕਾਮ ਆਨਰਜ਼ ਦੇ ਆਖ਼ਰੀ ਸਾਲ ਦੀ ਵਿਦਿਆਰਥਣ ਨਿਕਿਤਾ ਤੋਮਰ ਨੂੰ 26 ਅਕਤੂਬਰ ਦੀ ਸ਼ਾਮ 4 ਵਜੇ ਸੜਕ 'ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਤੌਸੀਫ਼ ਨਾਂਅ ਦੇ ਵਿਅਕਤੀ ਨੇ ਆਪਣੇ ਸਾਥੀ ਰੇਹਾਨ ਨਾਲ ਮਿਲ ਕੇ ਕੀਤਾ ਸੀ। ਕੁੜੀ ਨੂੰ ਸਿਰਫ਼ ਇਸ ਲਈ ਗੋਲੀ ਮਾਰੀ ਗਈ, ਕਿਉਂਕਿ ਕਥਿਤ ਤੌਰ 'ਤੇ ਉਸ ਨੇ ਮੁੰਡੇ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।