ਹੈਦਰਾਬਾਦ: ਮਸ਼ਹੂਰ ਕੰਨੜ ਅਦਾਕਾਰਾ ਜੈਅੰਤੀ ਦਾ ਦਿਹਾਂਤ ਹੋ ਗਿਆ ਹੈ। ਉਹ 76 ਸਾਲਾਂ ਦੀ ਸੀ। ਅੱਜ ਸਵੇਰੇ ਜੈਯੰਤੀ ਨੇ ਬੰਗਲੌਰ ਸਥਿਤ ਆਪਣੇ ਘਰ ਵਿਖੇ ਆਖਰੀ ਸਾਹ ਲਿਆ। ਮੁੱਖ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੀ ਮੌਤ ਕਾਰਨ ਕੰਨੜ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਹੈ। ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਇੱਕ ਟਵੀਟ ਵਿੱਚ ਦੁੱਖ ਜ਼ਾਹਰ ਕਰਦਿਆ ਲਿਖਿਆ- 'ਫਿਲਮ ਇੰਡਸਟਰੀ' ‘ਚ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ। ਇਹ ਕੰਨੜ ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਜੈਅੰਤੀ ਦਾ ਜਨਮ 6 ਜਨਵਰੀ 1945 ਨੂੰ ਕਰਨਾਟਕ ਵਿੱਚ ਹੋਇਆ ਸੀ। ਬਾਲ ਕਲਾਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦਿਆਂ ਜੈਯੰਤੀ ਨੇ ਅਦਾਕਾਰੀ, ਨਿਰਮਾਣ ਅਤੇ ਗਾਇਨ ਵਿੱਚ ਆਪਣਾ ਹੱਥ ਅਜ਼ਮਾ ਲਿਆ ਸੀ। 60 ਤੋਂ 80 ਦੇ ਦਹਾਕੇ ਦੀ ਸਭ ਤੋਂ ਖੂਬਸੂਰਤ ਅਤੇ ਸਰਬੋਤਮ ਅਭਿਨੇਤਰੀਆਂ ਵਿੱਚੋਂ ਇੱਕ ਜੈਅੰਤੀ ਨੂੰ ਮੰਨਿਆ ਜਾਂਦਾ ਹੈ।
500 ਤੋਂ ਜ਼ਿਆਦਾ ਫਿਲਮਾਂ ਕੀਤੀਆਂ
ਅਦਾਕਾਰੀ ਵਿੱਚ ਜੈਅੰਤੀ ਦੇ ਯੋਗਦਾਨ ਦੇ ਮੱਦੇਨਜ਼ਰ ਉਨ੍ਹਾਂ ਨੂੰ ਅਭਿਨਯਾ ਸ਼ਾਰਦੇ ਅਰਥਾਤ ਅਦਾਕਾਰੀ ਦੀ ਦੇਵੀ ਕਿਹਾ ਜਾਂਦਾ ਹੈ। 1960 ਤੋਂ 80 ਦੇ ਦਹਾਕੇ ਤੱਕ ਉਨ੍ਹਾਂ ਨੇ 500 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ।
ਕੰਨੜ ਤੋਂ ਇਲਾਵਾ ਜੈਅੰਤੀ ਨੇ ਆਪਣੇ ਕੈਰੀਅਰ ਵਿੱਚ ਤਾਮਿਲ, ਤੇਲਗੂ, ਮਲਿਆਲਮ ਅਤੇ ਹਿੰਦੀ ਭਾਸ਼ਾਵਾਂ ਵਿੱਚ ਫਿਲਮਾਂ ਕੀਤੀਆਂ। ਹਿੰਦੀ ਵਿੱਚ ਉਨ੍ਹਾਂ ਨੇ 60 ਦੇ ਦਹਾਕੇ ਵਿੱਚ ‘ਕਿਸ਼ੋਰ ਬਾਹੁਰਾਨੀਅਨ’, ‘ਤੁਮਸੇ ਅੱਛਾ ਕੌਂ ਹੈ’ ਅਤੇ ‘ਗੁੰਡਾ’ ਵਿੱਚ ਕੰਮ ਕੀਤਾ। ਉਨ੍ਹਾਂ ਨੂੰ ਸੱਤ ਵਾਰ ਕਰਨਾਟਕ ਸਟੇਟ ਫਿਲਮ ਅਵਾਰਡ ਅਤੇ ਦੋ ਵਾਰ ਫਿਲਮ ਫੇਅਰ ਅਵਾਰਡ ਮਿਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਹੋਰ ਪੁਰਸਕਾਰਾਂ ਨਾਲ ਵੀ ਨਿਵਾਜਿਆ ਗਿਆ।
ਇਹ ਵੀ ਪੜ੍ਹੋ:ਕਾਰ ਹਾਦਸੇ ਵਿੱਚ ਅਭਿਨੇਤਰੀ ਯਸ਼ਿਕਾ ਆਨੰਦ ਗੰਭੀਰ ਜ਼ਖਮੀ, ਦੋਸਤ ਦੀ ਮੌਤ