ਮੁੰਬਈ: ਕਾਸਟਿੰਗ ਡਾਇਰੈਕਟਰ ਤੋਂ ਬਣੇ ਫ਼ਿਲਮਕਾਰ ਮੁਕੇਸ਼ ਛਾਬੜਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਉਨ੍ਹਾਂ ਵੱਲੋਂ ਨਿਰਦੇਸ਼ਿਤ ਪਹਿਲੀ ਫ਼ਿਲਮ 'ਦਿਲ ਬੇਚਾਰਾ' ਨੂੰ ਬਿਨਾਂ ਸਕ੍ਰਿਪਟ ਪੜ੍ਹੇ ਹੀ ਹਾਂ ਬੋਲ ਦਿੱਤਾ ਸੀ।
ਫ਼ਿਲਮਕਾਰ ਮੁਕੇਸ਼ ਛਾਬੜਾ ਨੇ ਬੀਤੇ ਪਲਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸੁਸ਼ਾਂਤ ਇਹ ਸਮਝ ਚੁੱਕੇ ਸੀ ਕਿ ਮੇਰਾ ਮਨ ਕਦੇ ਨਾ ਕਦੇ ਖੁਦ ਫਿਲਮ ਬਣਾਉਣ ਦਾ ਹੈ ਤੇ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜਦ ਕਦੇ ਮੈਂ ਇਸ ਨੂੰ ਬਣਾਉਣ ਦਾ ਫੈਸਲਾ ਲਵਾਂਗਾ ਤਾਂ ਉਹ ਮੇਰੀ ਫਿਲਮ 'ਚ ਜ਼ਰੂਰ ਕੰਮ ਕਰੇਗਾ।
ਮੁਕੇਸ਼ ਛਾਬੜਾ ਨੇ ਅੱਗੇ ਕਿਹਾ ਕਿ ਮੈਨੂੰ ਪਤਾ ਸੀ ਕਿ ਆਪਣੀ ਪਹਿਲੀ ਫਿਲਮ 'ਚ ਸਹੀ ਅਦਾਕਾਰ ਤੋਂ ਇਲਾਵਾ ਮੈਨੂੰ ਕਿਸੇ ਅਜਿਹੇ ਵਿਅਕਤੀ ਦੀ ਤਲਾਸ਼ ਸੀ ਜੋ ਮੈਨੂੰ ਸਹੀ ਤਰੀਕੇ ਨਾਲ ਸਮਝੇ ਜੋ ਮੇਰੇ ਕਰੀਬ ਹੋਵੇ ਜੋ ਇਸ ਪੂਰੇ ਸਫਰ 'ਚ ਮੇਰਾ ਸਾਥ ਦੇਵੇ।
ਮੈਨੂੰ ਯਾਦ ਹੈ ਜਦੋਂ ਸੁਸ਼ਾਂਤ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜਦ ਕਦੇ ਵੀ ਮੈ ਫਿਲਮ ਬਣਾਉਣਗਾ ਤਾਂ ਉਹ ਉਸ ਫਿਲਮ 'ਚ ਮੁਖ ਅਦਾਕਾਰ ਦੇ ਤੌਰ 'ਤੇ ਸ਼ਾਮਲ ਹੋਣਗੇ ਤੇ ਸੁਸ਼ਾਂਤ ਨੇ ਉਹ ਵਾਅਦਾ ਵੀ ਨਿਭਾਇਆ। ਜਦੋਂ ਮੈਂ ਦਿਲ ਬੇਚਾਰਾ ਫਿਲਮ ਦੇ ਲਈ ਸੁਸ਼ਾਂਤ ਸਿੰਘ ਨਾਲ ਸਪੰਰਕ ਕੀਤਾ ਤਾਂ ਉਸ ਨੇ ਬਿਨਾਂ ਸਕ੍ਰਿਪਟ ਪੜ੍ਹੇ ਤੁਰੰਤ ਹਾਂ ਬੋਲ ਦਿੱਤਾ।
ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਦਿਲ ਬੇਚਾਰਾ 24 ਜੁਲਾਈ ਨੂੰ ਡਿਜੀਟਲ ਪਲੇਟਫਾਰਮ ਡਿਜ਼ਨੀ ਹੌਟ ਸਟਾਰ 'ਤੇ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ:ਭਾਰਤ-ਚੀਨ ਦੀ ਹਿੰਸਕ ਝੜਪ 'ਤੇ ਅਜੇ ਦੇਵਗਨ ਬਣਾਉਣਗੇ ਫਿਲਮ