ਮੁੰਬਈ: ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਵਾਲੇ ਦਿਨ ਯਾਨੀ ਕਿ 14 ਜੂਨ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਦੋ ਐਂਬੂਲੈਂਸ ਮੌਜੂਦ ਸੀ ਪਰ ਕਿਉਂ? ਇਸ ਸਵਾਲ ਦਾ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਸੀ।
ਸੁਸ਼ਾਂਤ ਸਿੰਘ ਦੇ ਘਰ ਦੇ ਬਾਹਰ ਮੌਜੂਦ ਐਂਬੂਲੈਂਸ ਡਰਾਈਵਰਾਂ ਨੇ ਇੱਕ ਇੰਟਰਵਿਊ ਵਿੱਚ ਐਂਬੂਲੈਂਸ ਦੇ ਆਉਣ ਦੀ ਵਜਾ ਬਾਰੇ ਦੱਸਿਆ ਕਿ ਉਸ ਦਿਨ ਇੱਕ ਐਂਬੂਲੈਂਸ ਵਿੱਚ ਕੁਝ ਤਕਨੀਕੀ ਖ਼ਰਾਬੀ ਹੋਣ ਕਾਰਨ ਦੂਜੀ ਐਂਬੂਲੈਂਸ ਨੂੰ ਘਟਨਾ ਸਥਾਨ ਉੱਤੇ ਬੁਲਾਇਆ ਗਿਆ ਸੀ। ਪਹਿਲੀ ਐਂਬੂਲੈਂਸ ਦੇ ਡਰਾਈਵਰ ਸਾਹਿਲ ਨੇ ਕਿਹਾ ਕਿ ਉਨ੍ਹਾਂ ਦੀ ਐਂਬੂਲੈਂਸ ਦੀ ਟ੍ਰਾਲੀ ਟੁੱਟ ਗਈ ਸੀ ਇਸ ਲਈ ਉਸ ਨੂੰ ਰਿਪਲੇਸਮੈਂਟ ਲਈ ਬੁਲਾਇਆ ਗਿਆ। ਦੂਜੀ ਐਂਬੂਲੈਂਸ ਦੇ ਡਰਾਈਵਰ ਅਕਸ਼ੇ ਨੇ ਕਿਹਾ ਕਿ ਉਸ ਨੂੰ ਪੁਲਿਸ ਦਾ ਫੋਨ ਆਇਆ ਸੀ ਤੇ ਉਨ੍ਹਾਂ ਨੇ ਗੱਡੀ ਦੀ ਟ੍ਰਾਲੀ ਟੁੱਟਣ ਦੀ ਜਾਣਕਾਰੀ ਦਿੱਤੀ ਸੀ।
ਐਂਬੂਲੈਂਸ ਡਰਾਈਵਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਫ਼ਿਲਮ ਨਿਰਮਾਤਾ ਸੰਦੀਪ ਸਿੰਘ ਨਾਲ ਹੀ ਕਿਉਂ ਗੱਲ ਕੀਤੀ। ਅਕਸ਼ੇ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਨੇ ਦੱਸਿਆ ਸੀ ਕਿ ਸੰਦੀਪ ਹੀ ਉਨ੍ਹਾਂ ਦਾ ਭੁਗਤਾਨ ਕਰਨਗੇ।
ਐਂਬੂਲੈਂਸ ਡਰਾਈਵਰ ਨੇ ਕਿਹਾ ਕਿ ਸੁਸ਼ਾਂਤ ਦੀ ਮੌਤ ਦੇ ਬਾਅਦ ਉਨ੍ਹਾਂ ਨੂੰ ਲਗਾਤਾਰ ਲੋਕ ਫੋਨ ਕਰਕੇ ਪਰੇਸ਼ਾਨ ਕਰ ਰਹੇ ਹਨ। ਡਰਾਈਵਰ ਅਕਸ਼ੇ ਨੇ ਕਿਹਾ ਕਿ ਕਈ ਲੋਕ ਉਨ੍ਹਾਂ ਉੱਤੇ ਸੁਸ਼ਾਂਤ ਦੀ ਮੌਤ ਦਾ ਇਲਜ਼ਾਮ ਵੀ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਮਦਦ ਕਰਦੇ ਆ ਰਹੇ ਹਾਂ ਪਰ ਹੁਣ ਡਰ ਲੱਗ ਰਿਹਾ ਹੈ ਕਿ ਕਿਸੇ ਦੀ ਮਦਦ ਕਰੀਏ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਸੁਸ਼ਾਂਤ ਦੇ ਪਿਤਾ ਕੇ.ਕੇ ਸਿੰਘ ਨੇ ਮਰਹੂਮ ਅਦਾਕਾਰ ਦੀ ਪ੍ਰੇਮਿਕਾ ਅਤੇ ਅਦਾਕਾਰਾ ਰੀਆ ਚੱਕਰਵਰਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ, ਸੁਸ਼ਾਂਤ ਮਾਮਲੇ ਦੀ ਜਾਂਚ ਹੁਣ ਕੇਂਦਰੀ ਜਾਂਚ ਬਿਓਰੋ, ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਨਾਰਕੋਟਿਕਸ ਕੰਟਰੋਲ ਬਿਉਰੋ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਰੀਆ ਤੀਜੀ ਵਾਰ ਸੀਬੀਆਈ ਅੱਗੇ ਪੁੱਛਗਿੱਛ ਲਈ ਪੇਸ਼ ਹੋਈ ਹੈ।