ਮੁੰਬਈ: ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਕਹਿਰ ਤੋਂ ਪ੍ਰੇਸ਼ਾਨ ਹੈ। ਹਾਲਾਂਕਿ ਇਸ ਵਾਇਰਸ ਨਾਲ ਮੁਕਾਬਲੇ ਲਈ ਬਾਲੀਵੁੱਡ ਇੰਡਸਟਰੀ ਡਟ ਕੇ ਸਾਹਮਣਾ ਕਰ ਰਹੀ ਹੈ। ਇਸੇ ਵਿਚਕਾਰ ਅਦਾਕਾਰ ਸ਼ਾਹਰੁਖ ਖ਼ਾਨ ਨੇ ਮਹਾਰਾਸ਼ਟਰ ਦੇ ਮੈਡੀਕਲ ਸਟਾਫ਼ ਨੂੰ 25000 ਪੀਪੀਈ (ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ) ਕਿੱਟਾਂ ਮੁਹੱਈਆ ਕਰਵਾਈਆਂ ਹਨ। ਕੋਰੋਨਾ ਵਾਇਰਸ ਵਿਰੁੱਧ ਫ਼ਰੰਟਲਾਈਨ 'ਤੇ ਮੁਕਾਬਲਾ ਕਰ ਰਹੇ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸਟਾਫ ਦੀ ਮਦਦ ਲਈ ਸ਼ਾਹਰੁਖ ਖ਼ਾਨ ਨੇ ਇਹ ਕਦਮ ਚੁੱਕਿਆ ਹੈ।
ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਅਸੀਂ ਸਾਰੇ ਸ਼ਾਹਰੁਖ ਖ਼ਾਨ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ 25000 ਪੀਪੀਈ ਕਿੱਟਾਂ ਦੇ ਕੇ ਸਾਡੀ ਬਹੁਤ ਮਦਦ ਕੀਤੀ ਹੈ। ਮੈਂ ਉਨ੍ਹਾਂ ਸਾਰਿਆਂ ਦੇ ਸਮਰਥਨ ਦੀ ਸ਼ਲਾਘਾ ਕਰਨਾ ਚਾਹਾਂਗਾ, ਜੋ ਕੋਵਿਡ-19 ਨਾਲ ਲੜਾਈ ਵਿੱਚ ਸਹਾਇਤਾ ਲਈ ਅੱਗੇ ਆ ਰਹੇ ਹਨ। ਸ਼ਾਹਰੁਖ ਖ਼ਾਨ ਨੇ ਜਿਸ ਮੈਡੀਕਲ ਸਟਾਫ਼ ਦੀ ਮਦਦ ਕੀਤੀ ਹੈ, ਉਸ ਲਈ ਵੀ ਧੰਨਵਾਦ।
ਸ਼ਾਹਰੁਖ ਖਾਨ ਨੇ ਟਵੀਟ ਕੀਤਾ, "ਸਰ, ਤੁਹਾਡਾ ਧੰਨਵਾਦ ਸਾਰੀਆਂ ਕਿੱਟਾਂ ਨੂੰ ਮੈਡੀਕਟ ਸਟਾਫ਼ ਤਕ ਪਹੁੰਚਾਉਣ ਲਈ। ਅਸੀਂ ਸਾਰੇ ਇਸ ਲੜਾਈ ਵਿੱਚ ਇਕੱਠੇ ਹਾਂ। ਖੁਸ਼ੀ ਹੈ ਕਿ ਮੈਂ ਲੋਕਾਂ ਲਈ ਕੰਮ ਕਰ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਤੁਹਾਡਾ ਪਰਿਵਾਰ ਤੇ ਟੀਮ ਸੁਰੱਖਿਅਤ ਤੇ ਸਿਹਤਮੰਦ ਰਹੇ।"
ਦੱਸ ਦੇਈਏ ਕਿ ਸ਼ਾਹਰੁਖ ਅਤੇ ਉਨ੍ਹਾਂ ਦੀ ਪਤਨੀ ਗੌਰੀ ਖਾਨ ਨੇ ਆਪਣੇ 4 ਮੰਜ਼ਲਾ ਨਿੱਜੀ ਦਫ਼ਤਰ ਨੂੰ ਕੁਆਰੰਟੀਨ ਕੇਂਦਰ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਥੇ ਔਰਤਾਂ, ਬੱਚਿਆਂ ਅਤੇ ਬਜ਼ੁਰਗ ਲੋਕਾਂ ਦਾ ਧਿਆਨ ਰੱਖਿਆ ਜਾਵੇਗਾ।