ਚੇਨਈ: ਅਦਾਕਾਰ ਕਮਲ ਹਸਨ ਅਤੇ ਰਜਨੀਕਾਂਤ ਨੇ ਸ਼ੁੱਕਰਵਾਰ ਨੂੰ ਮਰਹੂਮ ਫ਼ਿਲਮ ਨਿਰਮਾਤਾ ਕੇ. ਬਾਲਚੰਦਰ ਦੀ ਮੂਰਤੀ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਬੁੱਤ ਦਾ ਉਦਘਾਟਨ ਕਮਲ ਹਸਨ ਦੇ ਨਵੇਂ ਦਫ਼ਤਰ ਵਿੱਖੇ ਕੀਤਾ ਗਿਆ। ਦੱਸ ਦਈਏ ਕਿ ਕਮਲ ਹਸਨ ਬਾਲਚੰਦਰ ਨੂੰ ਆਪਣਾ ਗੁਰੂ ਮੰਨਦੇ ਹਨ। ਇਸ ਸਮਾਗਮ ਦੇ ਵਿੱਚ ਰਜਨੀਕਾਂਤ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਕੇ. ਬਾਲਚੰਦਰ ਨੇ ਰਜਨੀਕਾਂਤ ਅਤੇ ਕਮਲ ਹਸਨ ਦੇ ਕਰੀਅਰ ਨੂੰ ਮਹੱਤਵਪੂਰਨ ਸਥਾਨ ਦੇਣ ਲਈ ਬਹੁਤ ਮਿਹਨਤ ਕੀਤੀ ਸੀ। ਦੋਵੇਂ ਤਾਮਿਲ ਅਦਾਕਾਰਾਂ ਨੇ ਕੇ. ਬਾਲਚੰਦਰ ਦੇ ਨਾਲ 20 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ ਹੋਇਆ ਹੈ। ਹਾਲ ਹੀ ਦੇ ਵਿੱਚ ਕਮਲ ਹਸਨ ਨੇ ਵੀਰਵਾਰ ਨੂੰ ਆਪਣਾ 65 ਵਾਂ ਜਨਮਦਿਨ ਪਰਿਵਾਰ ਦੇ ਨਾਲ ਆਪਣੇ ਜੱਦੀ ਘਰ ਪਾਰਮਾਕੁੜੀ ਵਿੱਖੇ ਮਨਾਇਆ।
ਵਰਣਨਯੋਗ ਹੈ ਕਿ ਇਸ ਵੇਲੇ ਕਮਲ ਹਸਨ ਸ਼ੰਕਰ ਦੀ ਫ਼ਿਲਮ ਇੰਡੀਅਨ 2 ਵਿੱਚ ਕੰਮ ਕਰ ਰਹੇ ਹਨ। ਇਹ ਫ਼ਿਲਮ 1996 'ਚ ਆਈ ਫ਼ਿਲਮ ਇੰਡੀਅਨ ਦਾ ਸੀਕੁਅਲ ਹੈ। ਇਸ ਫ਼ਿਲਮ ਦੇ ਨਾਲ ਕਮਲ ਹਸਨ ਦੀ ਫ਼ਿਲਮਾਂ 'ਚ ਵਾਪਸੀ ਹੋ ਰਹੀ ਹੈ। ਇੰਡੀਅਨ 2 ਸਾਲ 2021 ਦੇ ਵਿੱਚ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ। ਇਸ ਫ਼ਿਲਮ ਵਿੱਚ ਸਿਧਾਰਥ ,ਕਾਜਲ ਅਗਰਵਾਲ, ਰਕੁਲ ਪ੍ਰੀਤ ਸਿੰਘ ਅਤੇ ਪ੍ਰਿਆ ਭਵਾਨੀ ਸ਼ੰਕਰ ਨਜ਼ਰ ਆਉਣਗੇ।