ਮੁੰਬਈ: ਮੁੰਬਈ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਪੁਲਿਸ ਨੂੰ ਅਦਾਕਾਰਾ ਕੰਗਣਾ ਰਣੌਤ ਖਿਲਾਫ ਗੀਤਕਾਰ ਜਾਵੇਦ ਅਖਤਰ ਦੀ ਮਾਣਹਾਨੀ ਦੀ ਸ਼ਿਕਾਇਤ ਦੀ ਜਾਂਚ ਕਰਨ ਅਤੇ 16 ਜਨਵਰੀ ਤੱਕ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਅਖਤਰ ਨੇ ਟੀਵੀ ਇੰਟਰਵਿਊ ਵਿੱਚ ਉਨ੍ਹਾਂ ਬਾਰੇ ਅਪਮਾਨਜਨਕ ਅਤੇ ਬੇਬੁਨਿਆਦ ਦੋਸ਼ ਲਗਾਉਣ ਲਈ ਪਿਛਲੇ ਮਹੀਨੇ ਅੰਧੇਰੀ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਵਿੱਚ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਸੀ। ਉਨ੍ਹਾਂ ਅਦਾਕਾਰਾ ਖ਼ਿਲਾਫ਼ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਦੀ ਮੰਗ ਕੀਤੀ ਸੀ।
ਅਖਤਰ ਦੇ ਵਕੀਲ ਨਿਰੰਜਨ ਮੁੰਦਰਗੀ ਨੇ ਕਿਹਾ ਕਿ ਮੈਜਿਸਟਰੇਟ ਅਦਾਲਤ ਨੇ ਸ਼ਨੀਵਾਰ ਨੂੰ ਜੁਹੂ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ 16 ਜਨਵਰੀ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਸੁਣਵਾਈ ਦੌਰਾਨ ਗੀਤਕਾਰ ਅਦਾਲਤ ਵਿੱਚ ਮੌਜੂਦ ਸਨ।
ਉਨ੍ਹਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਅਖਤਰ ਨੇ ਪਿਛਲੇ 55 ਸਾਲਾਂ ਵਿੱਚ ਆਪਣੀ ਸਾਖ ਬਣਾਈ ਹੈ ਅਤੇ ਰਣੌਤ ਨੇ ਟੀਵੀ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਖਿਲਾਫ ਬੇਬੁਨਿਆਦ ਟਿੱਪਣੀਆਂ ਕੀਤੀਆਂ ਜਿਸ ਨਾਲ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਿਆ।
ਅਖਤਰ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਇਸ ਸਾਲ ਜੂਨ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ, ਰਣੌਤ ਨੇ ਬਾਲੀਵੁੱਡ ਵਿੱਚ ਇੱਕ ‘ਮੰਡਲੀ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਾ ਨਾਮ ਵੀ ਖਿੱਚਿਆ ਸੀ।
ਇਸ 'ਚ ਕਿਹਾ ਗਿਆ ਕਿ ਰਣੌਤ ਨੇ ਇਹ ਵੀ ਦਾਅਵਾ ਕੀਤਾ ਕਿ ਅਖਤਰ ਨੇ ਉਸਨੂੰ ਅਦਾਕਾਰ ਰਿਤਿਕ ਰੋਸ਼ਨ ਨਾਲ ਕਥਿਤ ਸਬੰਧਾਂ ਬਾਰੇ ਨਾ ਬੋਲਣ ਦੀ ਧਮਕੀ ਵੀ ਦਿੱਤੀ ਸੀ।
ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਰਣੌਤ ਵੱਲੋਂ ਦਿੱਤੇ ਗਏ ਇਹ ਸਾਰੇ ਬਿਆਨ ਲੱਖਾਂ ਲੋਕਾਂ ਨੇ ਵੇਖੇ ਹਨ ਅਤੇ ਇਸ ਨਾਲ ਅਖਤਰ ਦੀ ਸਾਖ ਨੂੰ ਨੁਕਸਾਨ ਹੋਇਆ ਹੈ।