ਪਟਨਾ (ਬਿਹਾਰ): ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆਇਆ ਹੈ। ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਪਟਨਾ ਦੇ ਰਾਜੀਵ ਨਗਰ ਥਾਣਾ ਖੇਤਰ ਵਿੱਚ ਇੱਕ ਮਾਮਲਾ ਦਰਜ ਕਰਵਾਇਆ ਹੈ।
ਐਫਆਈਆਰ ਵਿੱਚ ਖ਼ੁਦਕੁਸ਼ੀ ਲਈ ਉਕਸਾਉਣ ਦੇ ਲਈ ਸੁਸ਼ਾਂਤ ਦੀ ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਸਮੇਤ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਰਾਜੀਵ ਨਗਰ ਥਾਣੇ ਦੇ ਮੁਖੀ ਯੋਗੇਂਦਰ ਰਵਿਦਾਸ ਨੇ ਮੰਗਲਵਾਰ ਨੂੰ ਦੱਸਿਆ ਕਿ ਕੇਕੇ ਸਿੰਘ ਵੱਲੋਂ ਦਰਜ ਕਰਵਾਏ ਮਾਮਲੇ ਵਿੱਚ ਸੁਸ਼ਾਂਤ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਹੈ।
ਸੂਤਰਾਂ ਮੁਤਾਬਕ ਪਟਨਾ ਪੁਲਿਸ ਦੀ ਇੱਕ ਟੀਮ ਮੁੰਬਈ ਗਈ ਹੈ, ਜੋ ਮਾਮਲੇ ਦੀ ਪੂਰੀ ਜਾਂਚ ਕਰੇਗੀ। ਸੂਤਰਾਂ ਦਾ ਕਹਿਣਾ ਹੈ ਕਿ ਪਟਨਾ ਪੁਲਿਸ ਦੀ 4 ਮੈਂਬਰੀ ਟੀਮ ਮੁੰਬਈ ਲਈ ਰਵਾਨਾ ਹੋਈ ਹੈ।
ਦੱਸਣਯੋਗ ਹੈ ਕਿ ਪਟਨਾ ਦੇ ਰਹਿਣ ਵਾਲੇ ਸੁਸ਼ਾਂਤ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਫਲੈਟ ਵਿੱਚ 14 ਜੂਨ ਨੂੰ ਕਥਿਤ ਤੌਰ 'ਤੇ ਖ਼ੁਦਕੁਸ਼ੀ ਕੀਤੀ ਸੀ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਲੋਕਾਂ ਵੱਲੋਂ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਮੁੰਬਈ ਪੁਲਿਸ ਵੀ ਮਾਮਲੇ ਵਿੱਚ ਜਾਂਚ ਕਰ ਰਹੀ ਅਤੇ ਹੁਣ ਤੱਕ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ।