ਮੁੰਬਈ: ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਜੰਮੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅੱਜ ਚਾਹੇ ਇਸ ਦੁਨੀਆ 'ਚ ਨਹੀਂ ਰਹੇ ਹਨ ਪਰ ਉਨ੍ਹਾਂ ਦੇ ਖੁਦਕੁਸ਼ੀ ਦੇ ਮਾਮਲੇ ਦਾ ਵਿਵਾਦ ਵਧਦਾ ਹੀ ਜਾ ਰਿਹਾ ਹੈ। ਉਨ੍ਹਾਂ ਦੇ ਫ਼ੈਨਜ਼ ਅਦਾਕਾਰ ਦੇ ਸੁਸਾਈਡ ਦਾ ਕਾਰਨ ਬਾਲੀਵੁੱਡ ਦੇ ਕਈ ਕਲਾਕਾਰਾਂ ਤੇ ਨਿਰਮਾਤਾਵਾਂ ਨੂੰ ਦੱਸ ਰਹੇ ਹਨ। ਬੁੱਧਵਾਰ ਨੂੰ ਮੁਜ਼ੱਫਰਪੁਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕੋਰਟ 'ਚ ਸਲਮਾਨ ਖ਼ਾਨ ਸਮੇਤ ਫ਼ਿਲਮੀ ਜਗਤ ਦੇ ਨਿਰਮਾਤਾ ਤੇ ਨਿਰਦੇਸ਼ਕਾਂ ਦੇ ਨਾਲ-ਨਾਲ 8 ਹੋਰ ਵੱਡੀਆਂ ਹਸਤੀਆਂ ਖ਼ਿਲਾਫ਼ ਸ਼ਿਕਾਇਤ ਪੱਤਰ ਦਾਖ਼ਲ ਕਰਵਾਇਆ ਗਿਆ ਹੈ।
ਇਸ ਵਿੱਚ ਕਰਨ ਜੌਹਰ, ਆਦਿੱਤਿਆ ਚੌਪੜਾ, ਸਲਮਾਨ ਖ਼ਾਨ, ਸੰਜੇ ਲੀਲਾ ਭੰਸਾਲੀ, ਭੂਸ਼ਣ ਕੁਮਾਰ, ਏਕਤਾ ਕਪੂਰ ਸਮੇਤ ਕਈ ਹਸਤੀਆਂ ਦੇ ਨਾਂਅ ਸ਼ਾਮਲ ਹਨ। ਇਨ੍ਹਾਂ 'ਤੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਸਾਜ਼ਿਸ਼ ਕਰ ਉਨ੍ਹਾਂ ਦੀ ਹੱਤਿਆ ਦਾ ਆਰੋਪ ਲਗਾਇਆ ਗਿਆ ਹੈ। ਇਹ ਸ਼ਿਕਾਇਤ ਸਥਾਨਕ ਵਕੀਲ ਸੁਧੀਰ ਕੁਮਾਰ ਓਝਾ ਨੇ ਦਰਜ ਕਰਵਾਈ ਹੈ।
ਵਕੀਲ ਦਾ ਕਹਿਣਾ ਹੈ ਕਿ ਜਿਸ ਪ੍ਰਕਾਰ ਅਖ਼ਬਾਰਾਂ ਤੇ ਟੀਵੀ ਚੈੱਨਲਾਂ 'ਤੇ ਅਦਾਕਾਰ ਦੀ ਆਤਮਹੱਤਿਆ ਦੀਆਂ ਖ਼ਬਰਾਂ ਆ ਰਹੀਆਂ ਹਨ ਇਹ ਸੁਸਾਇਡ ਨਹੀਂ ਹੱਤਿਆ ਹੈ। ਇਸ ਸ਼ਿਕਾਇਤ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਪੱਤਰ ਵਿੱਚ ਗਵਾਹ ਦੇ ਤੌਰ 'ਤੇ ਕੰਗਨਾ ਰਣੌਤ ਦਾ ਨਾਂਅ ਸ਼ਾਮਲ ਹੈ। ਸੁਧੀਰ ਨੇ ਦੱਸਿਆ ਕਿ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 3 ਜੁਲਾਈ ਨੂੰ ਰੱਖੀ ਹੈ।