ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਓਰੋ (ਸੀਬੀਆਈ) ਵੱਲੋਂ ਬਾਂਦਰਾ ਸਥਿਤ ਉਸ ਦੇ ਫਲੈਟ ਵਿੱਚ ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕਰਨ ਦੇ ਇੱਕ ਦਿਨ ਬਾਅਦ ਸੰਘੀ ਏਜੰਸੀ ਦੀ ਇੱਕ ਟੀਮ ਨੇ ਐਤਵਾਰ ਨੂੰ ਉਸ ਰਿਜ਼ੋਰਟ ਦਾ ਦੌਰਾ ਕੀਤਾ ਜਿੱਥੇ ਅਦਾਕਾਰ ਨੇ ਦੋ ਮਹੀਨੇ ਬਿਤਾਏ ਸੀ ਨਾਲ ਹੀ ਸੀਬੀਆਈ ਵੱਲੋਂ ਸੁਸ਼ਾਂਤ ਦੇ ਫਲੈਟਮੇਟ ਅਤੇ ਨਿੱਜੀ ਸਟਾਫ ਤੋਂ ਪੁੱਛਗਿੱਛ ਕੀਤੀ।
ਸੀਬੀਆਈ ਦੀ ਟੀਮ ਐਤਵਾਰ ਸਵੇਰੇ ਵਾਟਰਸਟੋਨ ਰਿਜੋਰਟ ਵਿੱਚ ਪਹੁੰਚੀ ਅਤੇ ਦੋ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਰੁੱਕੀ। ਜਾਂਚ ਦੌਰਾਨ, ਐਸਆਈਟੀ ਦੇ ਅਧਿਕਾਰੀਆਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਸੁਸ਼ਾਂਤ ਰਿਜੋਰਟ ਵਿੱਚ ਰਹਿ ਰਹੇ ਸੀ ਉਸ ਵੇਲੇ ਉਨ੍ਹਾਂ ਦਾ ਵਿਵਹਾਰ ਕਿਵੇਂ ਦਾ ਸੀ। ਇਸ ਵਿਚਕਾਰ ਸੈਂਟਾ ਕਰੂਜ਼ ਖੇਤਰ ਵਿੱਚ ਆਈਏਐਫ ਡੀਆਰਡੀਓ ਦੇ ਗੈਸਟ ਹਾਊਸ ਵਿੱਚ ਫੋਰੈਂਸਿਕ ਡਾਕਟਰਾਂ ਦੀ ਇੱਕ ਟੀਮ ਪਹੁੰਚੀ।
ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਫੋਰੈਂਸਿਕ ਟੀਮ ਦੇ ਡਾਕਟਰਾਂ ਨੇ ਅਦਾਕਾਰ ਦੇ ਫਲੈਟ ਉੱਤੇ ਸ਼ਨੀਵਾਰ ਨੂੰ ਕੀਤੀ ਪੜਤਾਲ ਬਾਰੇ ਤੇ ਕਪੂਰ ਹਸਪਤਾਲ ਦੇ ਡਾਕਟਰਾਂ ਨਾਲ ਚਰਚਾ ਕੀਤੀ। ਜਿੱਥੇ ਉਸ ਦਾ ਪੋਸਟਮਾਰਟਮ 15 ਜੂਨ ਨੂੰ ਕੀਤਾ ਗਿਆ ਸੀ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਸੁਸ਼ਾਂਤ ਦੇ ਫਲੈਟਮੈਟ ਸਿਧਾਰਥ ਪਿਠਾਨੀ, ਉਨ੍ਹਾਂ ਦੇ ਕੁੱਕ ਨੀਰਜ ਅਤੇ ਸਹਾਇਕ ਦੀਪੇਸ਼ ਸਾਵੰਤ ਤੋਂ ਵੀ ਸੀਬੀਆਈ ਟੀਮ ਪੁੱਛਗਿੱਛ ਕਰ ਰਹੀ ਸੀ। ਟੀਮ ਵੱਲੋਂ ਜਲਦੀ ਹੀ ਸੁਸ਼ਾਂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੇ ਜਾਣ ਦੀ ਉਮੀਦ ਹੈ।