ਹੈਦਰਾਬਾਦ: ਯੂਜ਼ਰਸ ਦੀ ਪ੍ਰਾਇਵੇਸੀ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਕਰਨ ਅਤੇ ਉਨ੍ਹਾਂ ਨੂੰ ਘੁਟਾਲੇ ਕਰਨ ਵਾਲਿਆਂ ਤੋਂ ਬਚਾਉਣ ਲਈ Meta ਨੇ WhatsApp Global Security Centre ਲਾਂਚ ਕੀਤਾ ਹੈ, ਜੋ ਲੋਕਾਂ ਨੂੰ ਦੱਸੇਗਾ ਕਿ ਉਹ ਘੁਟਾਲਿਆਂ ਤੋਂ ਕਿਵੇਂ ਬਚ ਸਕਦੇ ਹਨ। ਵਟਸਐਪ ਨੇ ਇਹ ਪੇਜ ਇਸ ਲਈ ਬਣਾਇਆ ਹੈ ਤਾਂ ਜੋ ਲੋਕਾਂ ਨੂੰ ਐਪ 'ਤੇ ਮੌਜੂਦ ਸੁਰੱਖਿਆ ਫੀਚਰਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਇਹ ਪੇਜ ਅੰਗਰੇਜ਼ੀ ਅਤੇ 10 ਹੋਰ ਭਾਸ਼ਾਵਾਂ ਦਾ ਸਮਰਥਨ ਕਰੇਗਾ ਜਿਸ ਵਿੱਚ ਹਿੰਦੀ, ਪੰਜਾਬੀ, ਤਾਮਿਲ, ਤੇਲਗੂ, ਮਲਿਆਲਮ, ਕੰਨੜ, ਬੰਗਾਲੀ, ਮਰਾਠੀ, ਉਰਦੂ ਅਤੇ ਗੁਜਰਾਤੀ ਸ਼ਾਮਲ ਹਨ।
Meta ਨੇ ਇਸ ਕਾਰਨ ਚੁੱਕਿਆ ਇਹ ਕਦਮ: ਕੰਪਨੀ ਨੇ ਇਹ ਪੇਜ ਇਸ ਲਈ ਲਾਂਚ ਕੀਤਾ ਹੈ ਕਿਉਕਿ ਪਿਛਲੇ ਮਹੀਨੇ ਭਾਰਤ ਸਰਕਾਰ ਨੇ ਵਟਸਐਪ ਨੂੰ ਅਣਜਾਣ ਅਤੇ ਵਿਦੇਸ਼ੀ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਸੀ। ਦਰਅਸਲ, ਪਿਛਲੇ ਮਹੀਨੇ ਕਈ ਲੋਕਾਂ ਨੇ ਟਵਿੱਟਰ 'ਤੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਵਟਸਐਪ 'ਤੇ ਵਿਦੇਸ਼ੀ ਨੰਬਰਾਂ ਤੋਂ ਅਚਾਨਕ ਕਾਲ ਅਤੇ ਐਸਐਮਐਸ ਆ ਰਹੇ ਹਨ। ਇਹ ਸਪੈਮ ਕਾਲਾਂ ਜ਼ਿਆਦਾਤਰ ਅਫਰੀਕੀ ਅਤੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੇ ਲੋਕਾਂ ਨੂੰ ਆ ਰਹੀਆਂ ਸਨ।
'Stay Safe With WhatsApp' ਮੁਹਿੰਮ: Global Security Centre ਯੂਜ਼ਰਸ ਨੂੰ ਐਪ 'ਤੇ ਉਪਲਬਧ ਸੁਰੱਖਿਆ ਫੀਚਰਸ ਬਾਰੇ ਸੂਚਿਤ ਕਰੇਗਾ। ਇਸਦੇ ਨਾਲ ਹੀ ਕੁਝ ਟਿਪਸ ਵੀ ਸ਼ੇਅਰ ਕਰੇਗਾ ਜਿਸ ਦੀ ਮਦਦ ਨਾਲ ਯੂਜ਼ਰਸ ਐਪ 'ਤੇ ਆਪਣੀ ਪ੍ਰੋਫਾਈਲ ਨੂੰ ਹੋਰ ਸੁਰੱਖਿਅਤ ਬਣਾ ਸਕਦੇ ਹਨ। ਪਿਛਲੇ ਮਹੀਨੇ ਭਾਰਤ 'ਚ ਕੰਪਨੀ ਨੇ 'Stay Safe With WhatsApp' ਮੁਹਿੰਮ ਸ਼ੁਰੂ ਕੀਤੀ ਸੀ, ਜਿਸ 'ਚ ਯੂਜ਼ਰਸ ਨੂੰ ਐਪ 'ਤੇ ਉਨ੍ਹਾਂ ਦੀ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਵਾਲੇ ਫੀਚਰਜ਼ ਬਾਰੇ ਦੱਸਿਆ ਗਿਆ ਸੀ। ਕੰਪਨੀ ਨੇ ਲੋਕਾਂ ਨੂੰ 2FA, ਬਲਾਕ ਅਤੇ ਰਿਪੋਰਟ ਅਤੇ ਹਾਲ ਹੀ ਵਿੱਚ ਲਾਂਚ ਕੀਤੇ ਚੈਟ ਲਾਕ ਅਤੇ ਹੋਰ ਫੀਚਰਸ ਬਾਰੇ ਜਾਣਕਾਰੀ ਦਿੱਤੀ ਜੋ ਉਹਨਾਂ ਨੂੰ ਐਪ 'ਤੇ ਘੁਟਾਲੇ ਤੋਂ ਸੁਰੱਖਿਅਤ ਰੱਖਦੇ ਹਨ।
ਘੁਟਾਲਿਆ ਤੋਂ ਬਚਣ ਲਈ ਹੁਣ 'Global Security Centre' ਪੇਜ 'ਤੇ ਮਿਲੇਗੀ ਜਾਣਕਾਰੀ: ਇਹ ਨਵਾਂ ਪੇਜ ਯੂਜ਼ਰਸ ਨੂੰ ਪ੍ਰਾਈਵੇਸੀ ਫੀਚਰਸ ਬਾਰੇ ਜਾਣਕਾਰੀ ਦੇਵੇਗਾ ਜੋ ਵਟਸਐਪ ਪ੍ਰਦਾਨ ਕਰਦਾ ਹੈ। ਇਸ 'ਚ ਪਰਸਨਲ ਚੈਟ ਨੂੰ ਲਾਕ ਕਰਨ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ WhatsApp ਨੇ ਹਾਲ ਹੀ ਵਿੱਚ ਚੈਟ ਲਾਕ ਫੀਚਰ ਲਾਂਚ ਕੀਤਾ ਸੀ। ਡਿਸਪੀਅਰਿੰਗ ਮੈਸੇਜ ਵੀ ਇਸ ਲਿਸਟ ਦਾ ਹਿੱਸਾ ਹੈ, ਜਿਸ 'ਚ ਤੁਸੀਂ ਕੁਝ ਸਮੇਂ ਬਾਅਦ ਚੈਟ ਤੋਂ ਅਹਿਮ ਮੈਸੇਜ ਗਾਇਬ ਕਰ ਸਕਦੇ ਹੋ। ਇਸ ਤੋਂ ਇਲਾਵਾ ਅਕਾਊਟ ਨੂੰ ਸੁਰੱਖਿਅਤ ਰੱਖਣ ਲਈ ਇਸ 'ਚ ਕਈ ਟਿਪਸ ਦਿੱਤੇ ਗਏ ਹਨ, ਜਿਵੇਂ ਕਿ ਟੂ-ਸਟੈਪ ਵੈਰੀਫਿਕੇਸ਼ਨ ਆਦਿ। ਇਸ ਦੇ ਨਾਲ ਹੀ ਇਹ ਪੇਜ ਤੁਹਾਨੂੰ ਫਰਜ਼ੀ ਅਕਾਊਟਸ ਦੀ ਪਛਾਣ ਕਰਨ ਅਤੇ ਘੁਟਾਲੇ ਕਰਨ ਵਾਲਿਆਂ ਦੀ ਪਛਾਣ ਕਰਨ ਬਾਰੇ ਵੀ ਜਾਣਕਾਰੀ ਦੇਵੇਗਾ।
ਵਟਸਐਪ 'ਤੇ ਅੰਤਰਰਾਸ਼ਟਰੀ ਨੰਬਰਾਂ ਤੋਂ ਆ ਰਹੀਆਂ ਸੀ ਸਪੈਮ ਕਾਲਾਂ: ਹੁਣ ਘੁਟਾਲੇਬਾਜ਼ ਆਮ ਕਾਲਾਂ ਦੀ ਬਜਾਏ ਵਟਸਐਪ ਕਾਲ ਕਰਕੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਈ ਯੂਜ਼ਰਸ ਨੇ ਇਸ ਦੀ ਸ਼ਿਕਾਇਤ ਕੀਤੀ ਸੀ। ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ +84, +62 ਅਤੇ +223 ਨੰਬਰਾਂ ਤੋਂ ਅੰਤਰਰਾਸ਼ਟਰੀ ਕਾਲਾਂ ਪ੍ਰਾਪਤ ਹੋ ਰਹੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਨੰਬਰ ਸ਼ਾਮਲ ਸਨ। ਇਹ ਕਾਲ ਲੋਕਾਂ ਨੂੰ ਨੌਕਰੀ ਦੇ ਬਹਾਨੇ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ।