ਬਠਿੰਡਾ: ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਸਿਰਦਰਦੀ ਬਣੇ ਪਰਾਲੀ ਦੇ ਹੱਲ ਲਈ ਬਠਿੰਡਾ ਦੀ ਸ੍ਰੀ ਗਊ ਸੇਵਾ ਸੰਮਤੀ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਉਪਰਾਲੇ ਨਾਲ ਜਿੱਥੇ ਕਿਸਾਨਾਂ ਨੂੰ ਪਰਾਲੀ ਤੋਂ ਨਿਜਾਤ ਮਿਲੇਗੀ, ਉਥੇ ਹੀ ਪਰਾਲੀ ਕਾਰਨ ਖ਼ਰਾਬ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ। ਸੇਵਾ ਸੰਮਤੀ ਦੇ ਆਗੂ ਸਾਧੂ ਰਾਮ ਕੁਸਲਾ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਕੋਲ ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ਵੱਲੋਂ ਸੰਪਰਕ ਕੀਤਾ ਗਿਆ ਸੀ। ਜਿਨ੍ਹਾਂ ਵੱਲੋਂ ਪਰਾਲੀ ਦੀ ਤੂੜੀ ਬਣਾਈ ਗਈ ਸੀ। ਗਊਸ਼ਾਲਾ ਵਿਚ ਗਊ ਵੰਸ਼ ਲਈ ਉਨ੍ਹਾਂ ਵੱਲੋਂ ਇਸ ਸੰਸਥਾ ਤੋਂ ਤੂੜੀ ਮੰਗਵਾਈ ਗਈ ਸੀ ।
ਕਿੱਥੋਂ ਮਿਲੀ ਪ੍ਰੇਰਨਾ: ਸ੍ਰੀ ਗਊ ਸੇਵਾ ਸੰਮਤੀ ਦੇ ਆਗੂਆਂ ਨੂੰ ਲੁਧਿਆਣਾ ਦੀ ਸੰਸਥਾ ਤੋਂ ਪ੍ਰੇਰਨਾ ਮਿਲੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਇਕੱਠਾ ਕਰਕੇ ਤੂੜੀ ਦੇ ਰੂਪ ਵਿਚ ਗਊ ਵੰਸ਼ ਨੂੰ ਵਧੀਆ ਖੁਰਾਕ ਦਿੱਤੀ ਜਾ ਸਕਦੀ ਹੈ। ਉਹਨਾਂ ਤਜਰਬੇ ਦੇ ਤੌਰ ਉਪਰ ਲੁਧਿਆਣਾ ਦੀ ਸੰਸਥਾ ਵੱਲੋਂ ਭੇਜੀ ਗਈ ਮਸ਼ੀਨਰੀ ਰਾਹੀਂ ਪਰਾਲੀ ਇਕੱਠੇ ਕਰਵਾਈ ਗਈ। 36 ਕਿਸਾਨਾਂ ਤੋਂ 500 ਏਕੜ ਵਿੱਚੋਂ ਕਰੀਬ ਇਕ ਹਜ਼ਾਰ ਕੁਇੰਟਲ ਪਰਾਲੀ ਇਕੱਠੀ ਕਰਵਾਈ ਗਈ ਸੀ।ਜਿਸ ਨੂੰ ਗਊਸ਼ਾਲਾ ਵਿੱਚ ਸਟੋਰ ਕੀਤਾ ਗਿਆ ਅਤੇ ਸਮਾਜ ਸੇਵੀ ਸੰਸਥਾ ਵੱਲੋਂ ਭੇਜੀ ਗਈ ਲੱਖਾਂ ਰੁਪਏ ਦੀ ਮਸ਼ੀਨ ਰਾਹੀਂ ਪਰਾਲੀ ਤੋਂ ਤੂੜੀ ਤਿਆਰ ਕੀਤੀ ਜਾ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਆਰਥਿਕ ਬੱਚਤ ਹੋ ਰਹੀ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਪਰਾਲੀ ਦਾ ਰੇਟ ਕਰੀਬ 12 ਸੋ ਰੁਪਏ ਪ੍ਰਤੀ ਕੁਇੰਟਲ ਹੈ ਪ੍ਰੰਤੂ ਪਰਾਲੀ ਤੋਂ ਤਿਆਰ ਕੀਤੀ ਹੋਈ ਤੂੜੀ ਮਹਿਜ਼ ਉਹਨਾਂ ਨੂੰ ਸਾਢੇ ਤਿੰਨ ਸੌ ਰੁਪਏ ਕੁਇੰਟਲ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਤਜਰਬੇ ਵਜੋਂ ਇਕੱਠੀ ਕੀਤੀ ਗਈ ਇਹ ਤੂੜੀ ਉਨ੍ਹਾਂ ਲਈ ਵਰਦਾਨ ਸਾਬਤ ਹੋ ਰਿਹੈ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਉਨ੍ਹਾਂ ਕੋਲ ਪਹੁੰਚ ਕਰ ਰਹੇ ਹਨ ਤਾਂ ਜੋ ਉਹ ਆਪਣੀ ਪਰਾਲੀ ਗਊਸ਼ਾਲਾ ਨੂੰ ਦੇ ਸਕਣ ।
ਸਰਕਾਰ ਨੂੰ ਅਪੀਲ: ਸੰਸਥਾ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਰਾਲੀ ਨੂੰ ਇਕੱਠੀ ਕਰਨ ਵਾਲੀ ਮਸ਼ੀਨਰੀ ਸਬਸਿਡੀ 'ਤੇ ਉਪਲਬੱਧ ਕਰਵਾਈ ਜਾਵੇ, ਕਿਉਂਕਿ ਇਹ ਬਹੁਤ ਜ਼ਿਆਦਾ ਮਹਿੰਗੀ ਹੈ ਕਿਸਾਨਾਂ ਲਈ ਮਹਿਜ਼ 15 ਦਿਨ ਹੀ ਕੰਮ ਆਉਂਦੀ ਹੈ । ਉਨ੍ਹਾਂ ਬਾਕੀ ਗਊਸ਼ਾਲਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਤੋਂ ਤੂੜੀ ਬਣਾਉਣ ਤਾਂ ਜੋ ਆਰਥਿਕ ਲਾਭ ਦੇ ਨਾਲ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: A gift from a fan of Sidhu Musewala: ਮੂਸੇਵਾਲਾ ਦੇ ਫੈਨ ਨੇ ਪਰਿਵਾਰ ਨੂੰ ਦਿੱਤਾ ਵੱਡਾ ਤੋਹਫ਼ਾ, ਤੁਸੀਂ ਵੀ ਦੇਖ ਕੇ ਰਹਿ ਜਾਓਗੇ ਹੈਰਾਨ