ਅੰਮ੍ਰਿਤਸਰ: ਸੁਲਤਾਨ ਵਿੰਡ ਦੇ ਇਲਾਕੇ ਵਿੱਚ ਰਹਿਣ ਵਾਲੀ ਇੱਕ ਔਰਤ ਦੀ ਦਰਿੰਦਗੀ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇੱਕ ਮਾਂ ਆਪਣੇ ਨਿੱਕੇ ਜਿਹੇ ਬੱਚੇ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਰਹੀ ਹੈ।
ਦੱਸਣਯੋਗ ਹੈ ਕਿ 3 ਸਾਲ ਦੇ ਇਸ ਮਾਸੂਮ ਬੱਚੇ ਦੀ ਮਾਂ ਦਾ ਨਾਮ ਮਨਪ੍ਰੀਤ ਹੈ, ਉਸ ਨੇ ਗੁੱਸੇ 'ਚ ਆਪਣੇ ਬੱਚੇ ਦੀ ਇੰਨੀ ਬੇਰਹਿਮੀ ਨਾਲ ਕੁਟਮਾਰ ਕੀਤੀ ਕਿ ਉਸ ਦੇ ਹੱਥ ਅਤੇ ਲੱਤਾਂ ਟੁੱਟ ਗਈਆਂ। ਇਸ ਤੋਂ ਇਲਾਵਾ ਬੱਚੇ ਦੇ ਸ਼ਰੀਰ 'ਤੇ ਥਾਂ-ਥਾਂ ਸੜਨ ਦੇ ਨਿਸ਼ਾਨ ਹਨ। ਬੱਚੇ ਦੀ ਮਾਤਾ ਮਨਪ੍ਰੀਤ ਦਾ ਤਲਾਕ ਤੋਂ 3 ਮਹੀਨੇ ਬਾਅਦ ਹੀ ਵਿਆਹ ਹੋਇਆ ਹੈ। ਇਹ ਵਿਆਹ ਪਰਿਵਾਰ ਵੱਲੋਂ ਕੀਤਾ ਗਿਆ ਸੀ, ਜਿਸ ਕਾਰਨ ਅਕਸਰ ਦੋਹਾਂ ਪਤੀ-ਪਤਨੀ ਵਿਚਕਾਰ ਲੜਾਈ ਹੁੰਦੀ ਰਹਿੰਦੀ ਸੀ। ਇਸ ਲੜਾਈ ਦਾ ਸਾਰਾ ਗੁੱਸਾ ਬੱਚੇ 'ਤੇ ਨਿਕਲ ਜਾਂਦਾ ਸੀ।
ਵੀਡੀਓ ਵਾਇਰਲ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਸਖ਼ਤੇ 'ਚ ਆ ਗਈ ਹੈ। ਫ਼ਿਲਹਾਲ ਇੱਕ ਦੂਜੇ 'ਤੇ ਦੋਸ਼ਾਂ ਦਾ ਸਿਲਸਿਲਾ ਜਾਰੀ ਹੈ। ਮੌਜੂਦਾ ਮਤਰੇਏ ਪਿਤਾ ਦਾ ਕਹਿਣਾ ਹੈ, "ਮੇਰੀ ਪਤਨੀ ਨੇ ਉਸ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ ਹੈ, ਮੈਂ ਸਬੂਤ ਵਜੋਂ ਕੁੱਟਮਾਰ ਦੀ ਵੀਡੀਓ ਨੂੰ ਵੀ ਸੋਸ਼ਲ ਮੀਡੀਆ 'ਤੇ ਪਾਈ ਹੈ, ਮੈਂ ਚਾਹੁੰਦਾ ਹਾਂ ਕਿ ਮੇਰੀ ਪਤਨੀ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।"
ਜੇ ਬੱਚੇ ਦੀ ਮਾਸੀ ਦੀ ਗੱਲ ਸੁਣੀ ਜਾਂਦੀ ਹੈ, ਤਾਂ ਮਾਸੀ ਕਹਿੰਦੀ ਹੈ ਕਿ ਕੋਈ ਵੀ ਮਾਂ ਆਪਣੇ ਬੱਚੇ ਨੂੰ ਇੰਨੀ ਬੇਰਹਿਮੀ ਨਾਲ ਨਹੀਂ ਮਾਰ ਸਕਦੀ, ਜਿਸ ਤਰ੍ਹਾਂ ਇਸ ਬੱਚੇ ਨੂੰ ਸੱਟਾਂ ਲੱਗੀਆਂ ਹਨ। ਮਾਸੀ ਮਨਮੀਤ ਦਾ ਕਹਿਣਾ ਹੈ, "ਮੇਰੀ ਭੈਣ ਦਾ ਪਤੀ ਉਸ ਨੂੰ ਅਤੇ ਉਸ ਦੇ ਬੱਚੇ ਨੂੰ ਮਾਰਦਾ ਹੈ। ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।"
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।