ਜਲੰਧਰ: ਅੰਮ੍ਰਿਤਸਰ ਰੋਡ 'ਤੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਵਾਪਰੇ ਭਿਆਨਕ ਹਾਦਸੇ 'ਚ ਦੋ ਮੋਟਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਅਭਿਸ਼ੇਕ ਅਤੇ ਅਰਜੁਨ ਦੇ ਰੂਪ ਵਿੱਚ ਹੋਈ ਹੈ। ਹਾਦਸਾ ਪੀਏਪੀ ਫਲਾਈਓਵਰ 'ਤੇ ਵਾਪਰਿਆ ਹੈ।
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਕਮਲ ਗ੍ਰੈਂਡ ਹੋਟਲ ਵਿੱਚ ਕੰਮ ਕਰਦੇ ਹਨ। ਇਸੇ ਦੌਰਾਨ ਇਹ ਦੋਵੇਂ ਰਾਮਾ ਮੰਡੀ ਤੋਂ ਲੰਮਾ ਪਿੰਡ ਚੌਕ ਵੱਲ ਜਾ ਰਹੇ ਸਨ। ਜਿਵੇਂ ਹੀ ਇਹ ਦੋਵੇਂ ਪੀਏਪੀ ਫਲਾਈਓਵਰ 'ਤੇ ਪਹੁੰਚੇ ਤਾਂ ਇਨ੍ਹਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸ ਦੇ ਚਲਦਿਆਂ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਐਨਾ ਕੂ ਭਿਆਨਕ ਸੀ ਕਿ ਇੱਕ ਨੌਜਵਾਨ ਦਾ ਸਿਰ ਤੱਕ ਫਿਸ ਗਿਆ।
ਸੂਚਨਾ ਮਿਲਣ ਉਪਰੰਤ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਟਰਮ ਲਈ ਸਿਵਲ ਹਸਪਤਾਲ ਜਲੰਧਰ ਵਿੱਚ ਭੇਜ ਦਿੱਤਾ ਹੈ। ਪਹਿਲਾਂ ਮੌਕੇ 'ਤੇ ਥਾਣਾ ਕੈਂਟ ਪੁਲਿਸ ਪਹੁੰਚੀ ਸੀ ਪਰ ਹਾਦਸੇ ਵਾਲੀ ਥਾਂ ਥਾਣਾ ਬਾਰਾਂਦਰੀ ਦੇ ਅਧੀਨ ਆਉਂਦੀ ਹੈ। ਇਸ ਮਗਰੋਂ ਥਾਣਾ ਬਾਰਾਂਦਰੀ ਦੀ ਪੁਲਿਸ ਨੇ ਆ ਕੇ ਕਾਰਵਾਈ ਸ਼ੁਰੂ ਕੀਤੀ।
ਜਾਂਚ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਮ੍ਰਿਤਕਾਂ ਦੀ ਪਹਿਚਾਣ ਹੋ ਚੁੱਕੀ ਹੈ। ਜਿਨ੍ਹਾਂ ਵਿੱਚੋਂ ਅਭਿਸ਼ੇਕ ਲੰਮਾ ਪਿੰਡ ਚੌਕ ਦਾ ਰਹਿਣ ਵਾਲਾ ਹੈ ਅਤੇ ਅਰਜੁਨ ਠਾਕੁਰ ਕੋਟ ਰਾਮਦਾਸ ਬਸਤੀ ਦਾ ਰਹਿਣ ਵਾਲਾ ਸੀ। ਉਨ੍ਹਾਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ।