ਤਰਨ ਤਾਰਨ: ਜ਼ਿਲ੍ਹੇ ਦੇ ਕਸਬਾ ਅਲਗੋਂ ਕੋਠੀ ਨੇੜਲੇ ਪਿੰਡ ਵਾੜਾ ਸ਼ੇਰ ਵਿੱਚ ਕਰਿਆਨੇ ਦੀ ਦੁਕਾਨ ਵਿੱਚ ਵੱਡੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਬਲਜੀਤ ਸਿੰਘ ਚੱਕੀ ਵਾਲਿਆਂ ਦੀ ਚੱਕੀ ਵਾਲੇ ਚੌਕ ਵਿੱਚ ਸਥਿਤ ਕਰਿਆਨੇ ਦੀ ਦੁਕਾਨ ਵਿੱਚ ਚੋਰਾਂ ਨੇ ਰਾਤ ਵੇਲੇ ਹੱਥ ਸਾਫ਼ ਕੀਤਾ ਹੈ।
ਬਲਜੀਤ ਸਿੰਘ ਨੇ ਮੀਡੀਆ ਨੂੰ ਚੋਰੀ ਦੀ ਵਾਰਦਾਤ ਬਾਰੇ ਦੱਸਿਆ ਕਿ ਉਹ ਰਾਤ ਵੇਲੇ ਦੁਕਾਨ ਬੰਦ ਕਰਕੇ ਗਏ ਸਨ। ਸਵੇਰ ਵੇਲੇ ਜਦੋਂ ਉਨ੍ਹਾਂ ਦੇ ਬੇਟੇ ਨੇ ਦੁਕਾਨ ਖੋਲ੍ਹੀ ਤਾਂ ਵੇਖਿਆ ਕਿ ਦੁਕਾਨ ਦੀਆਂ ਟਾਇਲਾਂ ਤੋੜ ਕੇ ਚੋਰ ਦੁਕਾਨ ਵਿੱਚ ਦਾਖ਼ਲ ਹੋਏ। ਉਨ੍ਹਾਂ ਕਿਹਾ ਕਿ ਦੁਕਾਨ ਵਿੱਚੋਂ 5500 ਦੇ ਕਰੀਬ ਨਦਕੀ ਅਤੇ ਬਾਕੀ ਹੱਟੀ ਵਿੱਚੋਂ ਕੀਮਤੀ ਸਮਾਨ 'ਤੇ ਚੋਰਾਂ ਨੇ ਆਪਣਾ ਹੱਥ ਸਾਫ਼ ਕੀਤਾ ਹੈ। ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕੁੱਲ ਮਿਲਾ ਕੇ 65 ਹਜ਼ਾਰ ਦਾ ਨੁਕਸਾਨ ਹੋਇਆ ਹੈ। ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਸ ਦੁਕਾਨ ਵਿੱਚ 4 ਵਾਰ ਚੋਰੀ ਹੋ ਚੁੱਕੀ ਹੈ ਪਰ ਚੋਰਾਂ ਦੀ ਨਿਸ਼ਾਨਦੇਹੀ ਕਰਵਾਉਣ ਦੇ ਬਾਵਜੂਦ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ।
ਇਸ ਬਾਰੇ ਕਿਸਾਨ ਆਗੂ ਸੁਰਜੀਤ ਸਿੰਘ ਭੁਰਾ ਨੇ ਕਿਹਾ ਕਿ ਇਹ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਹੈ। ਉਨ੍ਹਾਂ ਕਿਹਾ ਕਿਹਾ ਕਿ ਦੁਕਾਨ ਵਿੱਚ 4 ਵਾਰ ਚੋਰੀ ਹੋਈ ਹੈ। ਇਸ ਦੇ ਬਾਵਜੂਦ ਵੀ ਪੁਲਿਸ ਚੋਰਾਂ ਨੂੰ ਨਹੀਂ ਫੜ੍ਹ ਸਕੀ। ਉਨ੍ਹਾਂ ਕਿਹਾ ਕਿ ਬਲਜੀਤ ਸਿੰਘ ਨੂੰ ਨਾਲ ਲੈ ਕੇ ਉਹ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਨੂੰ ਮਿਲਕੇ ਇਹ ਮਸਲਾ ਚੁੱਕਣਗੇ।
ਇਸ ਬਾਰੇ ਪੁਲਿਸ ਚੌਕੀ ਅਲਗੋਂ ਕੋਠੀ ਦੇ ਇੰਚਾਰਜ ਸਾਹਿਬ ਸਿੰਘ ਨੇ ਕਿਹਾ ਕਿ ਉਹ ਮੌਕ-ਏ-ਵਾਰਦਾਤ ਨੂੰ ਵੇਖ ਚੁੱਕੇ ਹਨ ਅਤੇ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦਾ ਵੀ ਕਿਸੇ ਖ਼ਿਲਾਫ਼ ਤੱਥ ਸਾਹਮਣੇ ਆਉਂਦਾ ਹੈ ਤਾਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।