ਨਵੀਂ ਦਿੱਲੀ: ਦਵਾਰਕਾ ਦੇ ਉੱਤਮ ਨਗਰ ਇਲਾਕੇ 'ਚ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ 50 ਰੁਪਏ ਦੇਣ ਤੋਂ ਮਨਾ ਕਰਨ 'ਤੇ ਵਸੂਲੀ ਕਰਨ ਆਏ ਬਦਮਾਸ਼ਾਂ ਨੇ 82 ਸਾਲਾ ਦੇ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ।
ਬਜ਼ੁਰਗ ਦਾ ਨਾਂਅ ਬਖ਼ਸ਼ੀ ਖਾਨ ਸੀ ਜੋ ਕਿ ਉੱਤਮ ਨਗਰ ਇਲਾਕੇ ਦੇ ਹਸਤਾਲ ਪਿੰਡ 'ਚ ਆਪਣੀ 30 ਸਾਲਾ ਧੀ ਦੇ ਨਾਲ ਰਹਿੰਦਾ ਸੀ। ਉਹ ਨੇੜਲੇ ਬਾਜ਼ਾਰ 'ਚ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਵੀਰਵਾਰ ਨੂੰ ਕੁਝ ਨੌਜਵਾਨ ਉਸ ਕੋਲ ਆਏ ਅਤੇ ਬਾਜ਼ਾਰ 'ਚ ਸਬਜੀ ਵੇਚਣ 'ਤੇ ਉਸ ਤੋਂ 50 ਰੁਪਏ ਦੀ ਮੰਗ ਕੀਤੀ। ਬੁਜ਼ਰਗ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿੱਚੋਂ ਇੱਕ ਨੇ ਇੱਟ ਨਾਲ ਬਜ਼ੁਰਗ ਦੇ ਸਿਰ 'ਤੇ ਵਾਰ ਕੀਤਾ ਜਿਸ ਨਾਲ ਬਜ਼ੁਰਗ ਲਹੂ-ਲੁਹਾਨ ਹੋ ਗਿਆ।
ਜਦੋਂ ਬਾਜ਼ਾਰ 'ਚ ਲੋਕ ਇੱਕਠੇ ਹੋਣੇ ਸ਼ੁਰੂ ਹੋਏ ਤਾਂ ਨੌਜਵਾਨ ਭਜ ਗਏ। ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਬਜ਼ੁਰਗ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।