ਇਸਲਾਮਾਬਾਦ/ਪਾਕਿਸਤਾਨ: ਇਸਲਾਮਾਬਾਦ ਉੱਚ ਅਦਾਲਤ ਨੇ ਤੋਸ਼ਖਾਨਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਦੋਸ਼ ਕਰਾਰ ਕਰਨ ਅਤੇ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਉੱਤੇ ਮੰਗਲਵਾਰ ਨੂੰ ਰੋਕ ਲਾ ਦਿੱਤੀ ਗਈ ਹੈ। ਚੀਫ਼ ਜਸਟਿਸ ਆਮਿਰ ਫਾਰੂਕ ਅਤੇ ਜਸਟਿਸ ਤਾਰਿਕ ਮਹਿਮੂਦ ਜਹਾਂਗੀਰ ਦੀ ਡਿਵੀਜ਼ਨ ਬੈਂਚ ਨੇ ਇਹ ਫੈਸਲਾ ਸੁਣਾਇਆ ਹੈ। ਡਿਵੀਜ਼ਨ ਬੈਂਚ ਨੇ ਇਸ ਮਾਮਲੇ 'ਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਇਮਰਾਨ ਦੀ ਪਟੀਸ਼ਨ 'ਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੋਮਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਇਹ ਸਨ ਇਲਜ਼ਾਮ: ਇਸਲਾਮਾਬਾਦ ਦੀ ਇਕ ਸੈਸ਼ਨ ਅਦਾਲਤ ਨੇ 5 ਅਗਸਤ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (PTI) ਦੇ 70 ਸਾਲਾ ਪ੍ਰਧਾਨ ਇਮਰਾਨ ਖਾਨ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਸ ਨੂੰ 2018 ਤੋਂ 2022 ਦਰਮਿਆਨ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਉਸ ਅਤੇ ਉਸ ਦੇ ਪਰਿਵਾਰ ਵੱਲੋਂ ਮਿਲੇ ਸਰਕਾਰੀ ਤੋਹਫ਼ਿਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਵੇਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਆਗਾਮੀ ਚੋਣ ਨਹੀਂ ਲੜ ਸਕਣਗੇ ਇਮਰਾਨ: ਸੈਸ਼ਨ ਅਦਾਲਤ ਨੇ ਪੀਟੀਆਈ ਮੁਖੀ ਉੱਤੇ ਅਗਲੇ ਪੰਜ ਸਾਲਾਂ ਤੱਕ ਰਾਜਨੀਤਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੋਂ ਵੀ ਰੋਕ ਲਾਈ ਹੈ ਜਿਸ ਕਾਰਨ ਉਹ ਆਗਾਮੀ ਚੋਣਾਂ ਨਹੀਂ ਲੜ ਸਕਣਗੇ। ਇਮਰਾਨ ਨੇ ਹੇਠਲੀਂ ਅਦਾਲਤ ਦੇ ਫੈਸਲੇ ਨੂੰ ਇਸਲਾਮਾਬਾਦ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਮਰਾਨ ਦੇ ਵਕੀਲ ਲਤੀਫ ਖੋਸਾ ਨੇ ਉਨ੍ਹਾਂ ਦੇ ਦੋਸ਼ ਕਰਾਰ ਹੋਣ ਖਿਲਾਫ ਅਪਣੀ ਬਹਿਸ ਬੁੱਧਵਾਰ ਨੂੰ ਪੂਰੀ ਕਰ ਲਈ ਸੀ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਇਹ ਫੈਸਲਾ ਬਹੁਤ ਜਲਦਬਾਜ਼ੀ ਵਿੱਚ ਦਿੱਤਾ ਗਿਆ ਹੈ ਅਤੇ ਕਈ ਕਮੀਆਂ ਹਨ।
ਉਨ੍ਹਾਂ ਨੇ ਅਦਾਲਤ ਦੇ ਫੈਸਲੇ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ, ਪਰ ਬਚਾਅ ਪੱਖ ਨੇ ਅਪਣੀ ਬਹਿਸ ਨੂੰ ਪੂਰਾ ਕਰਨ ਲਈ ਹੋਰ ਸਮਾਂ ਮੰਗਿਆ ਸੀ। ਕਈ ਲੋਕਾਂ ਦਾ ਮੰਨਣਾ ਹੈ ਕਿ ਇਮਰਾਨ ਨੂੰ ਦੋਸ਼ੀ ਠਹਿਰਾਉਣ ਵਾਲੇ ਹੁਕਮ ਵਿੱਚ ਹਾਈ ਕੋਰਟ ਵਲੋਂ ਕਈ ਕਮੀਆਂ ਨੂੰ ਸਾਹਮਣੇ ਲਏ ਜਾਣ ਤੋਂ ਬਾਅਦ ਹਾਈ ਕੋਰਟ ਦਾ ਫੈਸਲਾ ਸਾਬਕਾ ਪ੍ਰਧਾਨਮੰਤਰੀ ਦੇ ਪੱਖ ਵਿੱਚ ਆ ਸਕਦਾ ਹੈ। (ਪੀਟੀਆਈ-ਭਾਸ਼ਾ)