ਸਨਾ (ਯਮਨ) : ਯਮਨ ਦੀ ਰਾਜਧਾਨੀ ਸਨਾ 'ਚ ਰਮਜ਼ਾਨ ਮਹੀਨੇ ਦੇ ਆਖਰੀ ਦਿਨ ਜ਼ਕਾਤ ਯਾਨੀ ਵਿੱਤੀ ਸਹਾਇਤਾ ਵੰਡਣ ਦੇ ਪ੍ਰੋਗਰਾਮ 'ਚ ਮਚੀ ਭਗਦੜ ਕਾਰਨ 85 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। 322 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ 'ਚੋਂ 13 ਦੀ ਹਾਲਤ ਗੰਭੀਰ ਬਣੀ ਹੋਈ ਹੈ। ਗ੍ਰਹਿ ਮੰਤਰਾਲੇ, ਜੋ ਕਿ ਹਾਉਥੀ ਬਲਾਂ ਦੇ ਅਧੀਨ ਹੈ, ਨੇ ਕਿਹਾ ਕਿ ਇਹ ਸਮਾਗਮ ਸਥਾਨਕ ਪ੍ਰਸ਼ਾਸਨ ਦੀ ਮਦਦ ਤੋਂ ਬਿਨਾਂ ਵਪਾਰੀਆਂ ਵੱਲੋਂ ਕਰਵਾਇਆ ਗਿਆ ਸੀ। ਇਸ ਵਿੱਚ ਵੱਡੀ ਗਿਣਤੀ ਵਿੱਚ ਗਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਭੀੜ ਵਧਦੀ ਦੇਖ ਹਾਉਥੀ ਫੌਜੀਆਂ ਨੇ ਲੋਕਾਂ ਨੂੰ ਕਾਬੂ ਕਰਨ ਲਈ ਹਵਾ ਵਿੱਚ ਫਾਇਰਿੰਗ ਕੀਤੀ, ਜਿਸ ਕਾਰਨ ਇੱਕ ਬਿਜਲੀ ਦੀਆਂ ਤਾਰਾਂ ਵਿੱਚ ਧਮਾਕਾ ਹੋਇਆ। ਇਸ ਧਮਾਕੇ ਤੋਂ ਘਬਰਾ ਕੇ ਲੋਕ ਇਧਰ-ਉਧਰ ਭੱਜਣ ਲੱਗੇ। ਇਸ ਭਗਦੜ ਦੌਰਾਨ ਕੁਝ ਲੋਕ ਕੁਚਲੇ ਗਏ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਜ਼ਖ਼ਮੀ ਹੋ ਗਏ।
2 ਕਿਲੋਮੀਟਰ ਤੋਂ ਵੱਧ ਲੰਮੀਆਂ ਲਾਈਨਾਂ : ਯਮਨ ਮੀਡੀਆ ਮੁਤਾਬਕ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦੇ ਸਮੇਂ ਕਿੰਨੇ ਲੋਕ ਮੌਜੂਦ ਸਨ, ਜਿਸ ਥਾਂ 'ਤੇ ਮਾਲੀ ਸਹਾਇਤਾ ਦਿੱਤੀ ਜਾ ਰਹੀ ਸੀ, ਉਹ ਛੋਟੀ ਸੜਕ ਸੀ। ਸੜਕ ਉਤੇ ਕਰੀਬ 2 ਕਿਲੋਮੀਟਰ ਦੀ ਲੰਬੀ ਲਾਈਨ ਲੱਗੀ ਹੋਈ ਸੀ। ਵਾਇਰਲ ਹੋਈਆਂ ਫੋਟੋਆਂ ਅਤੇ ਵੀਡੀਓਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਲੋਕ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ।
ਹਾਉਥੀ ਫੌਜ ਨੇ ਚੈਰਿਟੀ ਸਮਾਗਮ ਦੇ ਪ੍ਰਬੰਧਕਾਂ ਨੂੰ ਠਹਿਰਾਇਆ ਜ਼ਿੰਮੇਵਾਰ : ਮੰਤਰਾਲੇ ਦੇ ਬੁਲਾਰੇ ਬ੍ਰਿਗੇਡੀਅਰ ਅਬਦੁਲ-ਖਾਲੇਕ ਅਲ-ਅਘਰੀ ਨੇ ਇਸ ਭਗਦੜ ਲਈ ਸਮਾਗਮ ਦੇ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਸਥਾਨਕ ਪ੍ਰਸ਼ਾਸਨ ਨਾਲ ਗੱਲ ਕਰ ਕੇ ਇਹ ਚੈਰਿਟੀ ਸਮਾਗਮ ਕਰਵਾਇਆ ਜਾਂਦਾ ਤਾਂ ਅਜਿਹੀ ਘਟਨਾ ਨਾ ਵਾਪਰਦੀ। ਪ੍ਰਬੰਧਕਾਂ ਨੇ ਫੰਡ ਵੰਡਣ ਦਾ ਕੰਮ ਬੇਤਰਤੀਬੇ ਢੰਗ ਨਾਲ ਕੀਤਾ। ਘਟਨਾ ਦੇ ਤੁਰੰਤ ਬਾਅਦ, ਹਾਉਥੀ ਫੌਜੀਆਂ ਨੇ ਸਮਾਗਮ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਮਾਗਮ ਦੇ ਦੋ ਪ੍ਰਬੰਧਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Blast in Kishtwar : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਧਮਾਕਾ, ਇੱਕ ਵਿਅਕਤੀ ਦੀ ਮੌਤ
ਸੰਘਰਸ਼ ਵਿੱਚ ਹੁਣ ਤੱਕ 3 ਲੱਖ ਤੋਂ ਵੱਧ ਲੋਕਾਂ ਦੀ ਗਈ ਜਾਨ : ਯਮਨ 'ਚ ਚੱਲ ਰਿਹਾ ਘਰੇਲੂ ਯੁੱਧ ਪਿਛਲੇ ਕੁਝ ਸਾਲਾਂ ਤੋਂ ਸਾਊਦੀ ਅਰਬ ਅਤੇ ਈਰਾਨ ਵਿਚਾਲੇ ਜੰਗ ਬਣ ਗਿਆ ਹੈ। ਇਸ ਵਿੱਚ ਹੁਣ ਤੱਕ 3 ਲੱਖ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਮਰਨ ਵਾਲਿਆਂ ਵਿੱਚ ਲੜਾਕੂ ਅਤੇ ਆਮ ਨਾਗਰਿਕ ਦੋਵੇਂ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਯਮਨ ਵਿੱਚ ਲਗਭਗ 21 ਮਿਲੀਅਨ ਲੋਕਾਂ ਨੂੰ ਸਹਾਇਤਾ ਅਤੇ ਸੁਰੱਖਿਆ ਦੀ ਲੋੜ ਹੈ। ਲੜਾਈ ਕਾਰਨ 8 ਸਾਲਾਂ ਵਿੱਚ 11 ਹਜ਼ਾਰ ਤੋਂ ਵੱਧ ਬੱਚੇ ਜ਼ਖ਼ਮੀ ਹੋਏ ਹਨ। ਇੱਥੇ ਕਰੀਬ 22 ਲੱਖ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਫਰਵਰੀ ਵਿੱਚ, ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉਸਨੇ ਯਮਨ ਲਈ 4.3 ਬਿਲੀਅਨ ਡਾਲਰ ਦੀ ਸਹਾਇਤਾ ਦਾ ਟੀਚਾ ਰੱਖਿਆ ਸੀ, ਜਿਸ ਵਿੱਚੋਂ ਸਿਰਫ 1.2 ਬਿਲੀਅਨ ਡਾਲਰ ਇਕੱਠੇ ਕੀਤੇ ਗਏ ਸਨ।