ਪੇਸ਼ਾਵਰ: ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਐਤਵਾਰ ਨੂੰ ਇੱਕ ਬੱਸ ਪਹਾੜੀ ਸੜਕ ਤੋਂ ਫਿਸਲ ਕੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਬੱਸ ਵਿੱਚ 30 ਤੋਂ ਵੱਧ ਲੋਕ ਸਵਾਰ ਸਨ। ਬੱਸ ਇਸਲਾਮਾਬਾਦ ਤੋਂ ਕਵੇਟਾ ਜਾ ਰਹੀ ਸੀ, ਜਦੋਂ ਜ਼ੋਬ 'ਚ ਖਾਈ 'ਚ ਡਿੱਗ ਗਈ। ਟੈਲੀਵਿਜ਼ਨ ਫੁਟੇਜ ਵਿੱਚ, ਬਚਾਅ ਕਰਮਚਾਰੀਆਂ ਨੂੰ ਲਹੂ-ਲੁਹਾਨ ਯਾਤਰੀਆਂ ਦੀ ਮਦਦ ਕਰਦੇ ਦੇਖਿਆ ਜਾ ਸਕਦਾ ਹੈ। ਸਹਾਇਕ ਕਮਿਸ਼ਨਰ ਸਈਅਦ ਮਹਿਤਾਬ ਸ਼ਾਹ ਨੇ ਦੱਸਿਆ, ''ਜਿਵੇਂ ਹੀ ਬੱਸ ਕਵੇਟਾ ਦੇ ਨੇੜੇ ਪਹੁੰਚੀ ਤਾਂ ਤੇਜ਼ ਮੋੜ 'ਤੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਬੱਸ ਖਾਈ 'ਚ ਡਿੱਗ ਗਈ। ਅਸੀਂ ਹੁਣ ਤੱਕ 19 ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਦਕਿ 11 ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਨਿਊਜ਼ ਸੰਸਥਾਵਾਂ ਦੇ ਅਨੁਸਾਰ, ''ਇਹ ਘਟਨਾ ਮੀਂਹ ਅਤੇ ਗੱਡੀ ਦੀ ਤੇਜ਼ ਰਫਤਾਰ ਕਾਰਨ ਵਾਪਰੀ।'' ਜਿੱਥੇ ਉਨ੍ਹਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸਿਵਲ ਹਸਪਤਾਲ ਝੌਬ ਦੇ ਮੈਡੀਕਲ ਸੁਪਰਡੈਂਟ ਡਾਕਟਰ ਨੂਰੁਲ ਹੱਕ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੁਸ ਬਿਜੇਂਜੋ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਜ਼ਖ਼ਮੀਆਂ ਦੇ ਇਲਾਜ ਨੂੰ ਯਕੀਨੀ ਬਣਾਉਣ ਲਈ ਸਿਵਲ ਹਸਪਤਾਲ ਝੌਬ ਵਿੱਚ ਐਮਰਜੈਂਸੀ ਐਲਾਨ ਕਰਨ ਦੇ ਹੁਕਮ ਦਿੱਤੇ ਹਨ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਇਸ ਦਰਦਨਾਕ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਪ੍ਰਧਾਨ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਪਾਕਿਸਤਾਨ ਵਿੱਚ ਮਾੜੇ ਸੜਕੀ ਢਾਂਚੇ, ਟ੍ਰੈਫਿਕ ਕਾਨੂੰਨਾਂ ਦੀ ਉਲੰਘਣਾ ਅਤੇ ਖਰਾਬ ਰੱਖ-ਰਖਾਅ ਵਾਲੇ ਵਾਹਨਾਂ ਕਾਰਨ ਖ਼ਤਰਨਾਕ ਹਾਦਸੇ ਆਮ ਹਨ। ਜ਼ਿਕਰਯੋਗੈ ਹੈ ਕਿ ਬੀਤੇ ਮਹੀਨੇ, ਉੱਤਰੀ ਬਲੋਚਿਸਤਾਨ ਦੇ ਕਿਲਾ ਸੈਫੁੱਲਾ ਜ਼ਿਲ੍ਹੇ ਦੇ ਕੋਲ ਇੱਕ ਵਾਹਨ ਖੱਡ ਵਿੱਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 9 ਮੈਂਬਰਾਂ ਸਮੇਤ 22 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਟੈਕਸਾਸ ਸੁਪਰੀਮ ਕੋਰਟ ਨੇ ਗਰਭਪਾਤ ਪਰਮਿਟ ਬਹਾਲ ਕਰਨ ਦੇ ਆਦੇਸ਼ 'ਤੇ ਲਗਾਈ ਰੋਕ