ਅਬੂ ਧਾਬੀ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਟੀਕਾਕਰਨ 27 ਦਸੰਬਰ ਤੋਂ ਸ਼ੁਰੂ ਹੋਵੇਗਾ। ਇਸ ਦੇ ਨਾਲ ਇਜ਼ਰਾਈਲ ਆਪਣੇ ਨਾਗਰਿਕਾਂ ਲਈ ਟੀਕਾਕਰਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਵਾਲਾ ਵਿਸ਼ਵ ਦੇ ਸਭ ਤੋਂ ਸ਼ੁਰੂਆਤੀ ਦੇਸ਼ਾਂ ਵਿੱਚੋਂ ਸ਼ਾਮਿਲ ਹੋ ਜਾਵੇਗਾ।
ਨੇਤਨਯਾਹੂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ-19 ਨੂੰ ਰੋਕਣ ਲਈ ਚੀਨ ਦੇ ਟੀਕੇ ਦਾ ਸ਼ੇਖਡੋਮ ਫ਼ੈਡਰੇਸ਼ਨ ਵਿੱਚ ਟੈਸਟ ਕੀਤਾ ਗਿਆ ਸੀ ਅਤੇ ਇਹ 86 ਫ਼ੀਸਦੀ ਪ੍ਰਭਾਵਸ਼ਾਲੀ ਰਿਹਾ। ਯੂਏਈ ਦੇ ਬਿਆਨ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਸੀ, ਪਰ ਇਹ ਪਹਿਲੀ ਵਾਰ ਜਨਤਕ ਤੌਰ 'ਤੇ ਕਿਹਾ ਗਿਆ ਸੀ ਕਿ ਡਰੱਗ ਪ੍ਰਭਾਵਸ਼ਾਲੀ ਸੀ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਨੇਤਨਯਾਹੂ ਨੇ ਫਾਈਜ਼ਰ ਟੀਕੇ ਦੀ ਪਹਿਲੀ ਡੋਜ਼ 'ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਇਸ ਨੂੰ ਦੇਸ਼ ਲਈ ਜਸ਼ਨ ਦਾ ਦਿਨ ਦੱਸਿਆ। ਉਨ੍ਹਾਂ ਕਿਹਾ, 'ਮੈਨੂੰ ਇਸ ਟੀਕੇ 'ਤੇ ਭਰੋਸਾ ਹੈ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਪ੍ਰਵਾਨਗੀ ਮਿਲੇਗੀ।
ਨੇਤਨਯਾਹੂ ਨੇ ਕਿਹਾ ਕਿ ਉਹ ਟੀਕਾ ਲਗਵਾਉਣ ਵਾਲਾ ਪਹਿਲਾ ਵਿਅਕਤੀ ਬਣਨਾ ਚਾਹੁੰਦਾ ਸੀ, ਤਾਂ ਜੋ ਲੋਕਾਂ ਸਾਹਮਣੇ ਇੱਕ ਉਦਾਹਰਣ ਪੇਸ਼ ਕੀਤਾ ਜਾ ਸਕੇ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਕਾਕਰਣ ਕਰਨ ਵਾਲੇ ਲੋਕਾਂ ਨੂੰ ਵਿਸ਼ੇਸ਼ ਕਾਰਡ ਜਾਂ ਫ਼ੋਨ ਲਈ ਐਪਸ ਦਿੱਤੇ ਜਾਣਗੇ ਤਾਂ ਜੋ ਉਹ ਖੁੱਲ੍ਹ ਕੇ ਘੁੰਮ ਸਕਣ ਅਤੇ ਆਰਥਿਕਤਾ ਨੂੰ ਮੁੜ ਤੋਂ ਖੋਲ੍ਹਣ ਅਤੇ ਹੋਰਾਂ ਨੂੰ ਟੀਕਾ ਲਗਾਉਣ ਲਈ ਉਤਸ਼ਾਹਿਤ ਕਰ ਸਕਣ।