ਇਸਤਾਂਬੁਲ: ਰਾਸ਼ਟਰਪਤੀ ਏਰਡੋਆਨ ਨੇ ਕਿਹਾ ਸੀ ਕਿ ਸਾਡੀ ਸਾਰੀਆਂ ਮਸਜਿਦਾਂ ਦੀ ਤਰ੍ਹਾਂ ਹੀ ਹਾਗੀਆ ਸੋਫ਼ੀਆ ਦੇ ਦਰਵਾਜੇ ਸਥਾਨਕ ਤੇ ਵਿਦੇਸ਼ੀ, ਮੁਸਲਿਮ ਤੇ ਗ਼ੈਰ ਮੁਸਲਿਮਾਂ ਦੇ ਲਈ ਖੁਲ੍ਹੇ ਰਹਿਣਗੇ। ਇਸ ਕੜੀ ਵਿੱਚ ਅੱਜ ਇਸਤਾਂਬੁਲ ਦੇ ਹਾਗੀਆ ਸੋਫ਼ੀਆ ਵਿੱਚ ਪਹਿਲੀ ਨਮਾਜ਼ ਅਦਾ ਕੀਤੀ ਗਈ। ਸ਼ੁੱਕਰਵਾਰ ਨੂੰ ਹਗੀਆ ਸੋਫ਼ੀਆ ਵਿੱਚ 86 ਸਾਲਾਂ ਬਾਅਦ ਪਹਿਲੀ ਨਮਾਜ਼ ਕਰਵਾਈ ਗਈ। ਇਸ ਵਿੱਚ ਭਾਗ ਲੈਣ ਦੇ ਲਈ ਹਜ਼ਾਰਾਂ ਮੁਸਲਿਮ ਇਸਤਾਂਬੁਲ ਦੇ ਇਤਿਹਾਸਿਕ ਹਾਗੀਆ ਸੋਫ਼ੀਆ ਵਿੱਚ ਪਹੁੰਚੇ।
ਸ਼ੁੱਕਵਾਰ ਦੀ ਨਮਾਜ਼ ਦੇ ਲਈ ਹਾਗੀਆ ਸੋਫ਼ੀਆ ਦੇ ਹਾਲ ਵਿੱਚ ਵਿਸ਼ੇਸ਼ ਰੂਪ ਵਿੱਚ ਕਈ ਥਾਵਾਂ ਉੱਤੇ ਨਮਾਜ਼ ਲਈ ਪ੍ਰਬੰਧ ਕੀਤਾ ਗਿਆ। ਨਮਾਜ਼ ਦਾ ਹਿੱਸਾ ਬਣਨ ਦੇ ਲਈ ਤੁਰਕੀ ਦੇ ਅਲੱਗ-ਅਲੱਗ ਖੇਤਰਾਂ ਤੋਂ ਹਜ਼ਾਰਾਂ ਔਰਤਾਂ ਤੇੇ ਪੁਰਸ਼ ਸਮੇਂ ਤੋਂ ਕਾਫ਼ੀ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਸਨ। ਕਈ ਲੋਕਾਂ ਨੂੰ ਰਾਤ ਭਰ ਹਾਗੀਆ ਸੋਫ਼ੀਆ ਦੇ ਕੋਲ ਡੇਰਾ ਲਗਾਈ ਦੇਖਿਆ ਗਿਆ। ਇਸ ਦੌਰਾਨ ਕੋਰੋਨਾ ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਜ਼ਰੂਰੀ ਸ਼ਰੀਰਕ ਦੂਰੀ (ਸੋਸ਼ਲ ਡਿਸਟੈਂਸਿੰਗ) ਦੇ ਨਿਯਮ ਦੀ ਵੀ ਉਲੰਘਣਾ ਹੋਈ।
ਇਸ ਤੋਂ ਪਹਿਲਾਂ, ਤੁਰਕੀ ਦੇ ਰਾਸ਼ਟਰਪਤੀ ਏਰਡੋਆਨ ਨੇ ਐਲਾਨ ਕੀਤਾ ਸੀ ਕਿ ਹਾਗੀਆ ਸੋਫ਼ੀਆ ਵਿੱਚ 24 ਜੁਲਾਈ ਨੂੰ ਨਮਾਜ਼ ਪੜ੍ਹੀ ਜਾਵੇਗੀ। ਸ਼ੁੱਕਰਵਾਰ ਨੂੰ ਹਾਗੀਆ ਸੋਫ਼ੀਆ ਦੇ ਖੋਲ੍ਹੇ ਜਾਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਹਾਗੀਆ ਸੋਫ਼ੀਆ ਪਹੁੰਚੇ।
ਦੱਸ ਦਈਏ ਕਿ ਹਾਗੀਆ ਸੋਫ਼ੀਆ ਤੁਰਕੀ ਦੀ ਉਹ ਇਮਾਰਤ ਹੈ, ਜੋ ਆਪਣੇ ਅੰਦਰ ਦੁਨੀਆ ਦੇ ਦੋ ਮਹਾਨ ਸਮਰਾਜਾਂ ਦੀ ਵਿਰਾਸਤ ਨੂੰ ਲਕੋਈ ਬੈਠੀ ਹੈ। ਇਸ ਇਮਾਰਤ ਤੋਂ ਦੁਨੀਆ ਦੇ ਦੋ ਸਭ ਤੋਂ ਵੱਡੇ ਧਰਮਾਂ ਦੀ ਸੰਸਕ੍ਰਿਤੀ ਵੀ ਜੁੜੀ ਹੋਈ ਹੈ। ਯੂਰਪ ਤੇ ਏਸ਼ੀਆ ਦੇ ਚੌਰਾਹੇ ਉੱਤੇ ਸਥਿਤ ਮੰਨੀ ਜਾਣ ਵਾਲੀ ਇਹ ਇਮਾਰਤ ਮਹਾਨ ਵਸਤੂਕਲਾ ਦੇ ਲਈ ਪ੍ਰਸਿੱਧ ਹੈ।