ਟੌਰਾਂਟੋ: ਹਰਿਆਣਾ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ (ਹਾਨਾ) ਨੇ ਅੰਬਾਲਾ ਦੇ ਸੰਦੀਪ ਗੋਇਲ ਨੂੰ ਆਪਣਾ ਸਾਲਾਨਾ ਹਰਿਆਣਾ ਰਤਨ ਪੁਰਸਕਾਰ ਪ੍ਰਦਾਨ ਕੀਤਾ ਹੈ, ਜਿਹੜਾ ਕਿ ਕੈਨੇਡਾ ਵਿੱਚ ਆਈਸੀਆਈਸੀਆਈ ਬੈਂਕ ਦੇ ਸੀਈਓ ਹਨ।
ਬਰੈਂਪਟਨ ਦੇ ਮੈਰੀਅਟ ਹੋਟਲ ਵਿੱਚ ਉਤਰੀ ਅਮਰੀਕਾ ਵਿੱਚ ਹਰਿਆਣਾ ਪਰਵਾਸੀਆਂ ਦੇ ਸਭ ਤੋਂ ਵੱਡੇ ਸੰਗਠਨ ਹਾਨਾ ਦੇ ਪ੍ਰਧਾਨ ਕੁਲਦੀਪ ਸ਼ਰਮਾ ਅਤੇ ਭਾਰਤੀ ਮੁੱਖ ਵਪਾਰ ਦੂਤ ਅਪੂਰਵ ਸ੍ਰੀਵਾਸਤਵ ਨੇ ਗੋਇਲ ਨੂੰ ਇਹ ਪੁਰਸਕਾਰ ਦਿੱਤਾ।
ਮੂਲ ਰੂਪ ਤੋਂ ਫ਼ਰੀਦਾਬਾਦ ਦੇ ਰਹਿਣ ਵਾਲੇ ਕੁਲਦੀਪ ਸ਼ਰਮਾ ਕੈਨੇਡਾ ਦੇ ਮੁੱਖ ਹੋਟਲਰਾਂ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ, ''ਹਾਨਾ ਦਾ ਉਦੇਸ਼ ਹਰਿਆਣਾ ਦੇ ਮੂਲ ਵਾਸੀਆਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਨਾ, ਸਾਡੇ ਰੀਤੀ-ਰਿਵਾਜਾਂ ਨੂੰ ਜਿਊਂਦੇ ਰੱਖਣਾ, ਹਰਿਆਣਾ ਨਾਲ ਵਪਾਰਕ ਸੰਬੰਧਾਂ ਨੂੰ ਵਧਾਉਣਾ ਅਤੇ ਉਤਰੀ ਅਮਰੀਕਾ ਵਿੱਚ ਉਪਲਬੱਧੀਆਂ ਹਾਸਲ ਕਰਨ ਵਾਲੇ ਹਰਿਆਣਵੀਆਂ ਨੂੰ ਸਨਮਾਨਤ ਕਰਨਾ ਹੈ।''
ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਗੋਇਲ ਨੇ ਕਿਹਾ, ''ਮੇਰੇ ਅਤੇ ਮੇਰੇ ਪੂਰੇ ਪਰਿਵਾਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਨੂੰ ਇਹ ਸਨਮਾਨ ਮਿਲਿਆ। ਮੈਂ ਅੰਬਾਲਾ ਵਿੱਚ ਪੈਦਾ ਹੋਇਆ ਅਤੇ ਦਿੱਲੀ ਵਿੱਚ ਵੱਡਾ ਹੋਇਆ, ਪਰ ਮੈਂ ਆਪਣੇ ਜਨਮ ਸਥਾਨ ਨਾਲ ਡੂੰਘਾਈ ਤੋਂ ਜੁੜਿਆ ਹੋਇਆ ਹਾਂ। ਮੇਰੀ ਪਤਨੀ ਬਿੰਦੂ ਵੀ ਹਰਿਆਣਵੀ ਹੈ, ਜਿਸ ਨਾਲ ਮੇਰਾ ਸੂਬੇ ਨਾਲ ਸੰਬੰਧ ਹੋਰ ਡੂੰਘਾ ਹੋ ਗਿਆ।''
ਹਰਿਆਣਾ ਨੂੰ ਮਹਾਂਭਾਰਤ ਦੀ ਥਾਂ ਦੱਸਦੇ ਹੋਏ ਗੋਇਲ ਨੇ ਗੀਤਾ ਦੇ ਸਿਧਾਂਤਾਂ ਦਾ ਪਾਲਣ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਨਵੇਂ ਜੀਵਨ ਅਤੇ ਮੌਕਿਆਂ ਨੂੰ ਸਵੀਕਾਰ ਕਰੋ ਪਰ ਕਦੇ ਵੀ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੋ।
ਮੁੱਖ ਵਪਾਰ ਦੂਤ ਸ੍ਰੀਵਾਸਤਵ ਨੇ ਹਰਿਆਣਾ ਨੂੰ ਭਾਰਤ ਵਿੱਚ ਆਟੋਮੋਬਾਈਲ ਨਿਰਮਾਣ ਦਾ ਸਭ ਤੋਂ ਵੱਡਾ ਕੇਂਦਰ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤੀ ਮੁੱਖ ਵਪਾਰ ਦੂਤਘਰ, ਕੈਨੇਡਾ ਵਿੱਚ ਹਰਿਆਣਾ ਦੇ ਰਵਾਇਤੀ ਸ਼ਿਲਪ ਅਤੇ ਸੂਬੇ ਨੂੰ ਉਤਸ਼ਾਹਤ ਕਰਨ ਲਈ ਪੂਰਾ ਸਮਰੱਥਨ ਦੇਵੇਗਾ।