ਚੰਡੀਗੜ੍ਹ : ਪਿਛਲੇ 12 ਸਾਲਾਂ ਦੌਰਾਨ 254 ਭਾਰਤੀ ਕਰੋੜਪਤੀ ਕਥਿਤ ਗੋਲਡਨ ਵੀਜ਼ਾ ਦੀ ਮਦਦ ਨਾਲ ਯੂ.ਕੇ ਵਿੱਚ ਸੈਟਲ ਹੋਏ ਹਨ। ਬ੍ਰਿਟੇਨ ਦੀ ਇਕ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੇ ਸੋਮਵਾਰ ਨੂੰ ਜਾਰੀ ਕੀਤੀ ਆਪਣੀ ਨਵੀਂ ਰਿਪੋਰਟ ਮੁਤਾਬਕ ਸਾਲ 2008 ਵਿੱਚ ਗੋਲਡਨ ਵੀਜ਼ਾ ਪ੍ਰਣਾਲੀ ਦੀ ਸ਼ੁਰੂਆਤ ਤੋਂ ਬਾਅਦ ਇਨ੍ਹਾਂ ਉਦਯੋਗਪਤੀਆਂ ਨੇ ਵੱਡੇ ਨਿਵੇਸ਼ ਕਰਨ ਦੇ ਬਦਲੇ ਬ੍ਰਿਟੇਨ ਵਿੱਚ ਸੈਟਲ ਹੋਣ ਲਈ ਟਿਕਟਾਂ ਪ੍ਰਾਪਤ ਕਰ ਲਈਆਂ ਹਨ।
ਚੀਨੀ ਕਰੋੜਪਤੀਆਂ ਨੇ ਇਸ 'ਸੁਪਰ-ਅਮੀਰ ਵੀਜ਼ਾ' ਦਾ ਸਭ ਤੋਂ ਵੱਧ ਲਾਭ ਉਠਾਇਆ ਹੈ। ਜਿਸ ਦੌਰਾਨ ਉਨ੍ਹਾਂ ਨੂੰ ਯੂ.ਕੇ ਵਿੱਚ ਵੱਸਣ ਦਾ ਅਧਿਕਾਰ ਦਿੱਤਾ ਗਿਆ। 2008 ਤੋਂ 2020 ਤੱਕ 4,106 ਕਰੋੜਪਤੀਆਂ ਨੇ ਗੋਲਡਨ ਵੀਜ਼ਾ ਪ੍ਰਾਪਤ ਕੀਤਾ।
ਇਹ ਹੈ ਗੋਲਡਨ ਵੀਜ਼ਾ ਪ੍ਰਣਾਲੀ
ਗੋਲਡਨ ਵੀਜ਼ਾ ਕਿਸੇ ਵੀ ਅਮੀਰ ਵਿਅਕਤੀ ਨੂੰ ਬ੍ਰਿਟੇਨ ਵਿੱਚ ਰਜਿਸਟਰਡ ਕੰਪਨੀਆਂ ਵਿੱਚ ਨਿਵੇਸ਼ ਕਰਨ ਦੇ ਬਦਲੇ ਯੂ.ਕੇ ਵਿਚ ਰਹਿਣ ਦਾ ਅਧਿਕਾਰ ਦਿੰਦਾ ਹੈ। ਘੱਟੋ-ਘੱਟ 20 ਲੱਖ ਪੌਂਡ (ਲਗਭਗ 20 ਕਰੋੜ ਰੁਪਏ) ਦੇ ਨਿਵੇਸ਼ ਨਾਲ ਯੂ.ਕੇ ਵਿੱਚ 3 ਸਾਲ ਤੁਰੰਤ ਰਹਿਣ ਦਾ ਅਧਿਕਾਰ ਮਿਲਦਾ ਹੈ, ਜਿਸ ਵਿੱਚ ਦੋ ਸਾਲਾਂ ਦਾ ਵਾਧਾ ਦਿੱਤਾ ਜਾ ਸਕਦਾ ਹੈ।
ਨੀਰਵ ਮੋਦੀ ਨੇ ਉਠਾਇਆ ਸੀ ਲਾਭ
ਦੱਸ ਦੇਈਏ ਕਿ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੇ ਭਾਰਤ ਵਿੱਚ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਵਿੱਚ ਫਸਣ ਤੋਂ ਬਾਅਦ ਯੂ.ਕੇ ਪਹੁੰਚਣ ਲਈ ਸੁਨਹਿਰੀ ਵੀਜ਼ਾ ਲਿਆ ਸੀ। ਜਾਣਕਾਰੀ ਮੁਤਾਬਕ ਮੋਦੀ ਨੂੰ ਇਹ ਵੀਜ਼ਾ 2015 ਵਿੱਚ ਮਿਲਿਆ ਸੀ।
ਇਹ ਵੀ ਪੜ੍ਹੋ:ਪਾਕਿਸਤਾਨ ’ਚ ਧਮਾਕਾ, ਚੀਨੀ ਨਾਗਰਿਕਾਂ ਸਮੇਤ 8 ਦੀ ਮੌਤ