ਦੁਬਈ: ਯਮਨ ਦੇ ਹੂਤੀ ਵਿਦਰੋਹੀਆਂ ਨੇ ਦੱਖਣ-ਪੱਛਮੀ ਸਾਊਦੀ ਅਰਬ ਦੇ ਅਬਹਾ ਕੌਮਾਂਤਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਅਤੇ ਉਥੇ ਖੜੇ ਇਕ ਯਾਤਰੀ ਜਹਾਜ਼ ਨੂੰ ਅੱਗ ਲਗਾ ਦਿੱਤੀ। ਸਾਊਦੀ ਸਰਕਾਰੀ ਟੀਵੀ ਦੀ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ।
ਇਕ ਖ਼ਬਰ ਮੁਤਾਬਕ, ਅੱਗ ਬੁਝਾਊ ਦਸਤਿਆਂ ਨੇ ਅੱਗ ‘ਤੇ ਕਾਬੂ ਪਾਇਆ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਫਿਲਹਾਲ ਇਸ ਹਮਲੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਘਟਨਾ ਬਾਰੇ ਸਾਊਦੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।
ਸਾਊਦੀ ਦੀ ਅਗਵਾਈ ਵਾਲੇ ਮਿਲਟਰੀ ਗੱਠਜੋੜ ਦੇ ਇਕ ਬੁਲਾਰੇ, ਕਰਨਲ ਤੁਰਕੀ ਅਲ-ਮਲਿਕੀ ਨੇ ਕਿਹਾ ਕਿ ਗੱਠਜੋੜ ਬਲਾਂ ਨੇ ਹੂਤੀਆਂ ਵਲੋਂ ਸਾਊਦੀ ਅਰਬ ਵੱਲ ਭੇਜੇ ਗਏ ਬੰਬ ਲੱਦੇ ਦੋ ਡਰੋਨ ਜਹਾਜ਼ਾਂ ਨੂੰ ਨਸ਼ਟ ਕਰ ਦਿੱਤਾ।
ਉਨ੍ਹਾਂ ਨੇ ਹਮਲੇ ਦੀ ਨਿੰਦਾ ਕਰਦਿਆਂ ਇਸ ਨੂੰ ਸਾਊਦੀ ਅਰਬ ਦੇ ਦੱਖਣੀ ਖੇਤਰ ਵਿੱਚ ਆਮ ਆਦਮੀ ਨੂੰ ਨਿਸ਼ਾਨਾ ਬਣਾਉਣ ਦੀ ਜਾਣਬੁੱਝ ਕੇ ਕੀਤੀ ਕੋਸ਼ਿਸ਼ ਕਰਾਰ ਦਿੱਤਾ।
ਦੱਸਣਯੋਗ ਹੈ ਕਿ ਨਵੰਬਰ 2017 ਵਿੱਚ, ਹੂਤੀਆਂ ਨੇ ਰਿਆਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਸੀ।