ਕਾਠਮੰਡੂ: ਨੇਪਾਲ ਵਿੱਚ ਕੋਰੋਨਾ ਦੀ ਲਾਗ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ 4,400 ਤੋਂ ਵੱਧ ਐਕਟਿਵ ਮਾਮਲੇ ਹਨ। ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਰਕਾਰ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰ ਰਹੀ ਹੈ, ਪਰ ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ਤੋਂ ਨਾਖ਼ੁਸ਼ ਹੋ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਨੇਪਾਲ ਦੇ ਲੋਕਾਂ ਵਿੱਚ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਪ੍ਰਧਾਨ ਮੰਤਰੀ ਓਲੀ ਦੀਆਂ ਨੀਤੀਆਂ ਬਾਰੇ ਅਸੰਤੁਸ਼ਟੀ ਵੇਖੀ ਜਾ ਰਹੀ ਹੈ। ਕੋਰੋਨਾ ਦੇ ਵੱਧ ਰਹੇ ਪ੍ਰਸਾਰ ਦੇ ਵਿਚਕਾਰ ਨੇਪਾਲ ਵਿੱਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਨਾਅਰੇਬਾਜ਼ੀ ਕਰਦੇ ਗੁੱਸੇ ਵਿੱਚ ਆਏ ਲੋਕ ਸੜਕ ਉੱਤੇ ਹੱਥਾਂ ਵਿੱਚ ਤਖ਼ਤੀਆਂ ਫੜ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ।
ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਸਰਕਾਰ ਨੂੰ ਕੋਰੋਨਾ ਮਹਾਂਮਾਰੀ ਦੀ ਗੰਭੀਰ ਸਥਿਤੀ ਨੂੰ ਜਲਦੀ ਤੋਂ ਜਲਦੀ ਸੰਭਾਲਣਾ ਚਾਹੀਦਾ ਹੈ। ਕਾਠਮੰਡੂ ਵਿੱਚ ਕਈ ਸਮੂਹਾਂ ਨੇ ਸਰਕਾਰ ਦੀ ਕੋਰੋਨਾ ਨਾਲ ਨਜਿੱਠਣ ਲਈ ਅਸਫ਼ਲ ਨੀਤੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆਂ ਭਰ 'ਚ ਮਰੀਜ਼ਾਂ ਦੀ ਗਿਣਤੀ 77.57 ਲੱਖ ਤੋਂ ਪਾਰ, 4.29 ਲੱਖ ਮੌਤਾਂ
ਜਾਣਕਾਰੀ ਲਈ ਦੱਸ ਦਈਏ ਕਿ ਪ੍ਰਦਰਸ਼ਨਕਾਰੀ ਪੀਸੀਆਰ ਟੈਸਟ ਆਰਡੀਟੀ ਦੇ ਖ਼ਤਮ ਹੋਣ, ਫਰੰਟ ਲਾਈਨ 'ਤੇ ਕੰਮ ਕਰ ਰਹੇ ਲੋਕਾਂ ਦੀ ਸੁਰੱਖਿਆ ਅਤੇ ਕੋਰੋਨਾ ਮਰੀਜ਼ਾਂ ਪ੍ਰਤੀ ਵਿਤਕਰਾ ਨਾ ਕਰਨ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
ਦੱਸ ਦਈਏ ਕਿ ਨੇਪਾਲ ਵਿੱਚ ਕੋਰੋਨਾ ਵਾਇਰਸ ਦੇ ਕੁੱਲ 5335 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 18 ਮੌਤਾਂ ਹੋਈਆਂ ਹਨ। ਦੇਸ਼ ਦੇ 913 ਲੋਕ ਇਸ ਬਿਮਾਰੀ ਤੋਂ ਠੀਕ ਹੋ ਗਏ ਹਨ।