ਚੀਨ: ਸੰਯੁਕਤ ਰਾਸ਼ਟਰ ਨੇ ਜੈਸ਼-ਏ- ਮੁਹੰਮਦ ਅੱਤਵਾਦੀ ਸੰਗਠਨ ਦੇ ਪ੍ਰਧਾਨ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕੀਤੇ ਜਾਣ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਚੀਨ ਨੇ ਵੀਟੋ ਦਾ ਇਸਤਮਾਲ ਕਰਦੇ ਹੋਏ ਸੰਯੁਕਤ ਰਾਸ਼ਟਰ ਦੇ ਇਸ ਪ੍ਰਸਤਾਵ 'ਤੇ ਰੋਕ ਲਗਾ ਦਿੱਤੀ ਸੀ।
ਮੀਡੀਆ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਇਸ ਤਕਨੀਕੀ ਰੋਕ ਨੂੰ ਹਟਾਉਣ ਲਈ ਅਮਰੀਕਾ, ਬ੍ਰਿਟੇਨ ਤੇ ਫਰਾਂਸ ਨੇ ਚੀਨ ਨੂੰ 23 ਅਪ੍ਰੈਲ ਤੱਕ ਦੀ ਸਮਾਂ ਹੱਦ ਦਿੱਤੀ ਸੀ, ਪਰ ਚੀਨ ਸਰਕਾਰ ਨੇ ਇਨ੍ਹਾਂ ਖ਼ਬਰਾਂ ਨੂੰ ਰੱਦ ਕਰਦੇ ਹੋਏ ਇਸ ਮਾਮਲੇ ਨੂੰ ਜਲਦ ਹੱਲ ਕੀਤੇ ਜਾਣ ਦੀ ਗੱਲ ਕਹੀ ਹੈ।
ਇਸ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਯੂ ਕਾਂਗ ਨੇ ਕਿਹਾ ਕਿ ਮੈਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਇਹ ਜਾਣਕਾਰੀ ਕਿਥੋਂ ਮਿਲੀ। ਉਨ੍ਹਾਂ ਕਿਹਾ ਕਿ ‘ਆਪ ਨੂੰ ਉਨ੍ਹਾਂ ਸੂਤਰਾਂ ਤੋਂ ਸਪਸ਼ਟੀਕਰਨ ਲੈਣਾ ਚਾਹੀਦਾ ਹੈ ਜਿੱਥੋਂ ਤੁਹਾਨੂੰ ਅਜਿਹੀ ਜਾਣਕਾਰੀ ਮਿਲੀ ਹੈ। ਚੀਨ ਦਾ ਰੁਖ਼ ਬਿਲਕੁੱਲ ਸਪੱਸ਼ਟ ਹੈ ਕਿ ਇਹ ਮੁੱਦਾ ਸਹਿਯੋਗ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਸਾਡਾ ਮੰਨਣਾ ਹੈ ਕਿ ਮੈਂਬਰਾਂ 'ਚ ਬਿਨਾਂ ਸਹਿਮਤੀ ਦੇ ਲਏ ਗਏ ਫੈਸਲੇ ਤਸੱਲੀਬਖਸ਼ ਨਹੀਂ ਹੋਣਗੇ।
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ 1267 ਕਮੇਟੀ ਵਿੱਚ ਫ੍ਰਾਂਸ, ਬ੍ਰਿਟੇਨ ਅਤੇ ਅਮਰੀਕਾ ਮਸੂਦ ਅਜਹਰ ਉਤੇ ਪਾਬੰਦੀ ਲਗਾਉਂਦੇ ਹੋਏ ਉਸ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨਾ ਚਾਹੁੰਦੇ ਸਨ, ਪਰ ਚੀਨ ਨੇ ਆਪਣੀ ਵੀਟੋ ਤਾਕਤ ਦਾ ਇਸਤੇਮਾਲ ਕਰਦੇ ਹੋਏ ਇਸ ਉੱਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ, ਅਮਰੀਕਾ ਨੇ ਬ੍ਰਿਟੇਨ ਅਤੇ ਫਰਾਂਸ ਦੇ ਸਮਰਥਨ ਨਾਲ ਸਿੱਧੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਅਜਹਰ ਨੂੰ ਕਾਲੀ ਸੂਚੀ ਵਿਚ ਪਾਉਣ ਲਈ ਪ੍ਰਸਤਾਵ ਲੈ ਕੇ ਆਇਆ।