ਕਾਠਮਾਂਡੂ: ਨੇਪਾਲ ਦੇ ਸਿੰਧੂਪਾਲਚੌਕ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਨਾਲ ਕਰੀਬ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 21 ਲੋਕ ਲਾਪਤਾ ਹੋ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਸਾਂਝੀ ਕੀਤੀ। ਪ੍ਰਭਾਵਤ ਇਲਾਕਿਆਂ 'ਚ ਬਚਾਅ ਅਤੇ ਰਾਹਤ ਕਾਰਜ ਜਾਰੀ ਹੈ। ਸ਼ੁੱਕਰਵਾਰ ਨੂੰ ਜ਼ਮੀਨ ਖਿਸਕਣ ਨਾਲ ਜ਼ਿਲ੍ਹੇ ਦੀ ਜੁਗਲ ਪੇਂਡੂ ਨਗਰਪਾਲਿਕਾ 'ਚ ਕਰੀਬ 37 ਘਰ ਹਾਦਸੇ ਦਾ ਸ਼ਿਕਾਰ ਹੋਏ।
ਸਿੰਧੂਪਾਲਚੌਕ ਥਾਣੇ ਦੇ ਮੁੱਖ ਪੁਲਿਸ ਅਧਿਕਾਰੀ ਪ੍ਰਜਵੋਲ ਮਹਾਜਨ ਨੇ ਦੱਸਿਆ ਕਿ ਮਾਰੇ ਗਏ 18 ਲੋਕਾਂ 'ਚ 11 ਬੱਚੇ, ਚਾਰ ਮਹਿਲਾਵਾਂ ਅਤੇ 3 ਆਦਮੀ ਸ਼ਾਮਲ ਹਨ। ਮਹਾਰਜਨ ਨੇ ਦੱਸਿਆ ਕਿ ਘਟਨਾ 'ਚ ਨੇੜਲੀ ਇੱਕ ਪਹਾੜੀ 'ਚ ਤਰੇੜ ਵੀ ਆਈ ਹੈ, ਉਸ ਪਹਾੜੀ 'ਚ ਕਰੀਬ 25 ਘਰ ਸਥਿਤ ਹਨ। ਉਨ੍ਹਾਂ ਦੱਸਿਆ ਕਿ ਇੱਕ ਵਾਰ ਮੁੜ ਜ਼ਮੀਨ ਖਿਸਕਣ ਦੇ ਡਰ ਨੂੰ ਵੇਖਦਿਆਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜ ਦਿੱਤਾ ਗਿਆ ਹੈ, ਉਹ ਟੈਂਟ 'ਚ ਰਹਿ ਰਹੇ ਹਨ।